ਮੋਟਰਸਾਈਕਲ ਖੋਹ ਕੇ ਭੱਜਣ ਵਾਲੇ ਨੌਜਵਾਨ ਕਾਬੂ
ਇੱਥੋਂ ਨੇੜਲੇ ਪਿੰਡ ਭਿੰਡਰ ਕਲਾਂ ਤੋਂ ਮੋਟਰਸਾਈਕਲ ਖੋਹ ਕੇ ਭੱਜੇ ਨੌਜਵਾਨਾਂ ਨੂੰ ਪਿੰਡ ਦੇ ਲੋਕਾਂ ਨੇ ਪਿੱਛਾ ਕਰ ਕੇ ਪਿੰਡ ਰੌਲੀ ਨੇੜਿਓਂ ਕਾਬੂ ਕਰ ਲਿਆ। ਇਸ ਮੌਕੇ ਰੋਹ ਵਿੱਚ ਆਏ ਲੋਕਾਂ ਨੇ ਮੁਲਜ਼ਮਾਂ ਦੀ ਕੁੱਟ-ਮਾਰ ਕੀਤੀ। ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਡੀਐੱਸਪੀ ਧਰਮਕੋਟ ਰਮਨਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮਨਜੋਤ ਸਿੰਘ ਪਿੰਡ ਭਿੰਡਰ ਕਲਾਂ ਦੀ ਬਿਆਨ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਕਾਸ਼ਦੀਪ ਸਿੰਘ, ਸੁਖਵਿੰਦਰ ਸਿੰਘ, ਜਸ਼ਨ ਅਤੇ ਦਵਿੰਦਰ ਸਿੰਘ ਵਾਸੀ ਬਾਘਾਪੁਰਾਣਾ ਵਜੋਂ ਹੋਈ ਹੈ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋ ਮੁਲਜ਼ਮਾਂ ਮਹਿਕਦੀਪ ਸਿੰਘ ਅਤੇ ਮਵਲਾ ਪਿੰਡ ਜੈ ਸਿੰਘ ਵਾਲਾ ਫ਼ਰਾਰ ਹਨ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਮਨਜੋਤ ਸਿੰਘ ਨੇ ਦੋਸ਼ ਲਗਾਇਆ ਕਿ ਮੁਲਜ਼ਮ 14 ਅਗਸਤ ਨੂੰ ਦੋ ਮੋਟਰਸਾਈਕਲਾਂ ਉੱਤੇ ਆਏ ਸਨ ਅਤੇ ਵਰਿੰਦਰ ਸਿੰਘ ਤੋਂ ਮੋਟਰਸਾਈਕਲ ਖੋਹ ਲਿਆ। ਉਸ ਨੇ ਜਦੋਂ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਉੱਤੇ ਕਿਰਪਾਨ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ, ਇਸ ਦੌਰਾਨ ਲੋਕ ਇਕੱਠੇ ਹੋ ਗਏ ਅਤੇ ਮੁਲਜ਼ਮਾਂ ਦਾ ਪਿੱਛਾ ਕੀਤਾ ਅਤੇ ਪਿੰਡ ਰੌਲੀ ਅਤੇ ਦਾਤਾ ਨੇੜੇ ਤੋਂ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ।
ਇਸ ਮੌਕੇ ਰੋਹ ਵਿੱਚ ਆਏ ਲੋਕਾਂ ਨੇ ਨੌਜਵਾਨਾਂ ਦੀ ਕੁੱਟ-ਮਾਰ ਕੀਤੀ। ਪਿੰਡ ਵਾਸੀਆਂ ਮੁਤਾਬਕ ਉਨ੍ਹਾਂ ਦੇ ਪਿੰਡ ਵਿੱਚ ਇਹ ਮੋਟਰਸਾਈਕਲ ਚੋਰੀ ਕਰਨ ਦੀ ਤੀਜੀ ਘਟਨਾ ਹੈ।