ਸਥਾਨਕ ਬਠਿੰਡਾ ਸਰਹੰਦ ਕੈਨਾਲ ਨਹਿਰ ਵਿੱਚ ਇੱਕ ਮੁਟਿਆਰ ਨੇ ਛਾਲ ਮਾਰ ਦਿੱਤੀ। ਇਸ ਦੀ ਸੂਚਨਾ ਸਹਾਰਾ ਵੈੱਲਫੇਅਰ ਸੁਸਾਇਟੀ ਦੇ ਮੁੱਖ ਦਫ਼ਤਰ ਵਿੱਚ ਮਿਲਣ ’ਤੇ ਸਹਾਰਾ ਲਾਈਫ ਸੇਵਿੰਗ ਟੀਮ ਦੇ ਮੈਂਬਰ ਸੰਦੀਪ ਗਿੱਲ ਅਤੇ ਗੁੱਲੀ ਠਾਕੁਰ ਤੁਰੰਤ ਘਟਨਾ ਸਥਾਨ ’ਤੇ ਪਹੁੰਚੇ। ਲੋਕਾਂ ਦੀ ਮਦਦ ਨਾਲ ਨਹਿਰ ਵਿੱਚੋਂ ਲੜਕੀ ਨੂੰ ਬਾਹਰ ਕੱਢਿਆ ਗਿਆ। ਸਹਾਰਾ ਐਂਬੂਲੈਂਸ ਟੀਮ ਨੇ ਬੇਹੋਸ਼ੀ ਦੀ ਹਾਲਤ ਵਿੱਚ ਲੜਕੀ ਨੂੰ ਹਸਪਤਾਲ ਦੀ ਐਮਰਜੈਂਸੀ ਵਾਰਡ ਵਿੱਚ ਪਹੁੰਚਾਇਆ। ਡਾਕਟਰਾਂ ਨੇ ਤੁਰੰਤ ਇਲਾਜ ਸ਼ੁਰੂ ਕੀਤਾ ਅਤੇ ਕੁਝ ਸਮੇਂ ਬਾਅਦ ਲੜਕੀ ਨੂੰ ਹੋਸ਼ ਆ ਗਿਆ। ਲੜਕੀ ਦੀ ਪਛਾਣ ਅਰਚਨਾ (20) ਵਾਸੀ ਅਬੋਹਰ ਵਜੋਂ ਕੀਤੀ ਗਈ। ਸਹਾਰਾ ਟੀਮ ਵੱਲੋਂ ਉਸਦੇ ਪਰਿਵਾਰ ਨੂੰ ਵੀ ਜਾਣਕਾਰੀ ਦਿੱਤੀ ਗਈ। ਇਸ ਮਾਮਲੇ ਦੀ ਪੁਲੀਸ ਨੇ ਹਸਪਤਾਲ ਵਿੱਚ ਪਹੁੰਚ ਕੇ ਲੜਕੀ ਦਾ ਬਿਆਨ ਦਰਜ ਕੀਤਾ। ਲੜਕੀ ਦੇ ਇਸ ਤਰ੍ਹਾਂ ਛਾਲ ਮਾਰਨ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ।