ਗ਼ਲਤ ਕੱਟ: ਟਰੱਕ ਦੀ ਟੱਕਰ ’ਚ ਕਾਰ ਚਾਲਕ ਦੀ ਮੌਤ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 4 ਜੁਲਾਈ
ਪਿੰਡ ਚੀਮਾ ਦੇ ਬੱਸ ਅੱਡੇ ’ਤੇ ਬਰਨਾਲਾ-ਮੋਗਾ ਕੌਮੀ ਮਾਰਗ ’ਤੇ ਕਥਿਤ ਗ਼ਲਤ ਢੰਗ ਨਾਲ ਛੱਡੇ ਕੱਟ ’ਤੇ ਮੁੜ ਸੜਕ ਹਾਦਸਾ ਵਾਪਰ ਗਿਆ ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਸ ਕੱਟ ’ਤੇ ਟਰੱਕ ਅਤੇ ਕਾਰ ਦੀ ਟੱਕਰ ਹੋ ਗਈ, ਜਿਸ ਵਿੱਚ ਕਾਰ ਦੇ ਪਰਖੱਚੇ ਉਡ ਗਏ ਤੇ ਚਾਲਕ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸਤੀਸ਼ ਕੁਮਾਰ ਵਾਸੀ ਪਿੰਡ ਕਾਂਗੜ (ਬਠਿੰਡਾ) ਆਪਣੀ ਆਲਟੋ ਕਾਰ ’ਤੇ ਬਰਨਾਲਾ ਤੋਂ ਪਿੰਡ ਪਰਤ ਰਿਹਾ ਸੀ। ਜਦੋਂ ਚੀਮਾ ਦੇ ਕੱਟ ’ਤੇ ਪੁੱਜਿਆ ਤਾਂ ਟਰੱਕ ਨਾਲ ਕਾਰ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕਾਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।
ਜ਼ਿਕਰਯੋਗ ਹੈ ਇਸ ਕੌਮੀ ਮਾਰਗ 'ਤੇ ਦੋ ਪਿੰਡਾਂ ਦੇ ਲਈ ਗ਼ਲਤ ਤਰੀਕੇ ਰਸਤਾ ਛੱਡਿਆ ਗਿਆ ਹੈ ਜਿਸਦਾ ਪਿੰਡ ਵਾਸੀ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਵਿਰੋਧ ਕਰ ਰਹੇ ਹਨ। ਇਸ ਖ਼ੂਨੀ ਕੱਟ ’ਤੇ ਇਸ ਤੋਂ ਪਹਿਲਾਂ ਕਈ ਹਾਦਸੇ ਹੋ ਚੁੱਕੇ ਹਨ ਅਤੇ ਕਈ ਵਿਅਕਤੀਆਂ ਦੀ ਜਾਨ ਵੀ ਜਾ ਚੁੱਕੀ ਹੈ। ਪਿੰਡ ਵਾਸੀਆਂ ਵਲੋਂ ਛੇ ਮਹੀਨੇ ਚੱਲੇ ਪੱਕੇ ਧਰਨੇ ਤੋਂ ਬਾਅਦ ਪ੍ਰਸ਼ਾਸਨ ਨੇ ਇੱਥੇ ਓਵਰਬ੍ਰਿਜ ਬਣਾਉਣ ਦਾ ਵਾਅਦਾ ਕੀਤਾ ਸੀ, ਜੋ ਵਾਅਦੇ ਦੇ ਡੇਢ ਸਾਲ ਵੀ ਸਿਰੇ ਨਾ ਚੜ੍ਹ ਸਕਿਆ।
ਪਿੰਡ ਦੇ ਸਰਪੰਚ ਮਲੂਕ ਸਿੰਘ ਧਾਲੀਵਾਲ ਨੇ ਕਿਹਾ ਕਿ ਲੋਕਾਂ ਦੀ ਵੱਡੀ ਸਮੱਸਿਆ ਨੂੰ ਦੇਖਦੇ ਹੋਏ ਪ੍ਰਸ਼ਾਸਨ ਇੱਥੇ ਜਾਂ ਤਾਂ ਸਹੀ ਤਰੀਕੇ ਕੱਟ ਬਣਾਵੇ ਜਾਂ ਫਿਰ ਓਵਰਬ੍ਰਿਜ ਬਣਾਵੇ ਤਾਂ ਕਿ ਲੋਕਾਂ ਦੀਆਂ ਇਸ ਤਰ੍ਹਾਂ ਹਾਦਸਿਆਂ ਵਿੱਚ ਅਜਾਈਂ ਜਾਨਾਂ ਨਾ ਜਾਣ।