ਗ਼ਲਤ ਕੱਟ: ਐੱਨਐੱਚਏਆਈ ਲਾਂਘਾ ਠੀਕ ਕਰਨ ਲਈ ਸਹਿਮਤ
ਪਿੰਡ ਚੀਮਾ ’ਚ ਬਰਨਾਲਾ-ਮੋਗਾ ਕੌਮੀ ਮਾਰਗ ਉਪਰ ਗਲਤ ਕੱਟ ਦਾ ਮਾਮਲਾ ਸੁਲਝਦਾ ਨਜ਼ਰ ਆ ਰਿਹਾ ਹੈ। ਅੱਜ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਦੇ ਅਧਿਕਾਰੀਆਂ ਵੱਲੋਂ ਪਿੰਡ ਦੇ ਬੱਸ ਅੱਡੇ ਉਪਰ ਕੱਟ ਵਾਲੀ ਥਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਪਿੰਡ ਚੀਮਾ ਅਤੇ ਜੋਧਪੁਰ ਦੀਆਂ ਪੰਚਾਇਤਾਂ ਦੀ ਮੰਗ ਤੇ ਐੱਨਐੱਚਏਆਈ ਦੇ ਅਧਿਕਾਰੀਆਂ ਵੱਲੋਂ ਬੱਸ ਅੱਡੇ ਉਪਰ ਸਹੀ ਤਰੀਕੇ ਕੱਟ ਦੇਣ ਉਪਰ ਸਹਿਮਤੀ ਜਤਾਈ ਗਈ।
ਐੱਨਐੱਚਆਈ ਦੇ ਰੈਜੀਡੈਂਟ ਇੰਜਨੀਅਰ ਰਾਕੇਸ਼ ਨੇ ਦੱਸਿਆ ਕਿ ਲਗਾਤਾਰ ਵਾਪਰ ਰਹੇ ਹਾਦਸਿਆਂ ਕਾਰਨ ਉਨ੍ਹਾਂ ਨੂੰ ਬੱਸ ਅੱਡੇ ਦਾ ਰਸਤਾ ਬੰਦ ਕਰਨਾ ਪਿਆ ਸੀ। ਅੱਜ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਹੋਰ ਮੋਹਤਵਰ ਲੋਕਾਂ ਨਾਲ ਇਸ ਜਗ੍ਹਾ ਦਾ ਦੌਰਾ ਕੀਤਾ ਗਿਆ ਹੈ। ਪੰਚਾਇਤਾਂ ਦੀ ਮੰਗ ਇੱਥੇ ਨਿਯਮ ਅਨੁਸਾਰ ਲਾਂਘਾ ਛੱਡਣ ਦੀ ਹੈ ਜਿਸ ਲਈ ਪੰਚਾਇਤਾਂ ਨੂੰ ਪਿੰਡਾਂ ਦੇ ਲੋਕਾਂ ਨਾਲ ਸਹਿਮਤੀ ਕਰਕੇ ਐੱਨਐੱਚਆਈ ਤੱਕ ਲਿਖ਼ਤੀ ਪੱਤਰ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇੱਥੇ ਜੇਕਰ ਸੰਭਵ ਹੋਇਆ ਤਾਂ ਫ਼ੁੱਟ ਓਵਰਬ੍ਰਿਜ ਵੀ ਸੜਕ ਉਪਰ ਦੀ ਲੋਕਾਂ ਲਈ ਬਣਾ ਦਿੱਤਾ ਜਾਵੇਗਾ।
ਪਿੰਡ ਚੀਮਾ ਦੇ ਸਰਪੰਚ ਮਲੂਕ ਸਿੰਘ ਧਾਲੀਵਾਲ ਨੇ ਕਿਹਾ ਕਿ ਕੱਲ੍ਹ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਐੱਸਡੀਐੱਮ ਬਰਨਾਲਾ ਨੂੰ ਮੰਗ ਪੱਤਰ ਦੇ ਕੇ ਇਸ ਕੱਟ ਦੇ ਹੱਲ ਦੀ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਅੱਜ ਐੱਨਐੱਚਆਈ ਦੇ ਅਧਿਕਾਰੀ ਪਿੰਡ ਵਾਸੀਆਂ ਦੀ ਗੱਲ ਸੁਣਨ ਆਏ ਸਨ। ਉਨ੍ਹਾਂ ਪ੍ਰਸ਼ਾਸਨ ਤੋਂ ਇੱਥੇ ਹੀ ਸਹੀ ਤਰੀਕੇ ਲਾਂਘਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕਰੀਬ 5 ਸਾਲਾਂ ਤੋਂ ਇਹ ਗਲਤ ਤਰੀਕੇ ਛੱਡਿਆ ਕੱਟ ਅਨੇਕਾਂ ਹਾਦਸਿਆਂ ਅਤੇ ਲੋਕਾਂ ਦੀ ਜਾਨ ਦਾ ਕਾਰਨ ਬਣ ਗਿਆ ਸੀ, ਜਿਸ ਦੇ ਹੱਲ ਲਈ ਪੰਚਾਇਤ ਹਰ ਸੰਭਵ ਯਤਨ ਕਰੇਗੀ। ਇਸ ਮੌਕੇ ਐਨਐਚਆਈ ਦੇ ਆਰਸੀਈ ਸੋਰਾਪ ਸਿੰਘ, ਏਐਚਈ ਆਸੀਸ਼, ਚੀਮਾ ਦੇ ਪੰਚ ਮੱਖਣ ਸਿੰਘ, ਹਰਜਿੰਦਰ ਸਿੰਘ, ਜਸਵੀਰ ਸਿੰਘ ਰਮਨਾ, ਯੂਸਫ਼ ਖਾਨ, ਆਜ਼ਾਦ ਕਲੱਬ ਆਗੂ ਕਰਮਜੀਤ ਸਿੰਘ ਜੀਤਾ, ਨਵਜੀਤ ਨਵੀ, ਬੱਬੂ ਚੀਮਾ, ਭੁਪਿੰਦਰ ਥਿੰਦ, ਬਹਾਦਰ ਸਿੰਘ, ਬ੍ਰਿਜ ਕੁਮਾਰ, ਕਿਸਾਨ ਆਗੂ ਹਰਮੰਡਲ ਸਿੰਘ ਜੋਧਪੁਰ, ਅਵਤਾਰ ਸਿੰਘ ਰਾਏ ਤੇ ਹੋਰ ਹਾਜ਼ਰ ਸਨ।