ਮਜ਼ਦੂਰਾਂ ਦਾ ਪ੍ਰਦਰਸ਼ਨ ਖ਼ਤਮ
ਡਿਪਟੀ ਕਮਿਸ਼ਨਰ ਵੱਲੋਂ ਮੰਗਾਂ ਬਾਰੇ ਹੁੰਗਾਰਾ ਭਰਨ ਬਾਅਦ 17 ਨਵੰਬਰ ਤੋਂ ਇੱਥੇ ਜਾਰੀ ਮਜ਼ਦੂਰਾਂ ਦਾ ਸਾਂਝਾ ਮੋਰਚਾ ਅੱਜ ਖ਼ਤਮ ਹੋ ਗਿਆ। ਮਜ਼ਦੂਰਾਂ ਨੇ ਨਵੇਂ ਬਣਾਏ ਜਾ ਰਹੇ ਕਿਰਤੀ ਐਕਟ ਦੇ ਕੋਡਾਂ ਖ਼ਿਲਾਫ਼ ਕੇਂਦਰ ਤੇ ਪ੍ਰਦੇਸ਼ ਸਰਕਾਰ ਦਾ ਪੁਤਲਾ ਫੁੂਕਿਆ ਕੀਤਾ।...
ਡਿਪਟੀ ਕਮਿਸ਼ਨਰ ਵੱਲੋਂ ਮੰਗਾਂ ਬਾਰੇ ਹੁੰਗਾਰਾ ਭਰਨ ਬਾਅਦ 17 ਨਵੰਬਰ ਤੋਂ ਇੱਥੇ ਜਾਰੀ ਮਜ਼ਦੂਰਾਂ ਦਾ ਸਾਂਝਾ ਮੋਰਚਾ ਅੱਜ ਖ਼ਤਮ ਹੋ ਗਿਆ। ਮਜ਼ਦੂਰਾਂ ਨੇ ਨਵੇਂ ਬਣਾਏ ਜਾ ਰਹੇ ਕਿਰਤੀ ਐਕਟ ਦੇ ਕੋਡਾਂ ਖ਼ਿਲਾਫ਼ ਕੇਂਦਰ ਤੇ ਪ੍ਰਦੇਸ਼ ਸਰਕਾਰ ਦਾ ਪੁਤਲਾ ਫੁੂਕਿਆ ਕੀਤਾ। ਇਸ ਦੇ ਨਾਲ ਹੀ ਆਗੂਆਂ ਨੇ 5 ਜਨਵਰੀ 2026 ਨੂੰ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਅੱਗੇ ਇੱਕ ਰੋਜ਼ਾ ਧਰਨਾ ਦੇਣ ਦਾ ਐਲਾਨ ਵੀ ਕੀਤਾ।
ਮੋਰਚੇ ਦੀ ਲੀਡਰਸ਼ਿਪ ’ਚ ਸ਼ਾਮਿਲ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਦਾਅਵਾ ਕੀਤਾ ਕਿ ਮੋਰਚੇ ’ਚ ਸ਼ਾਮਿਲ ਮਜ਼ਦੂਰਾਂ ਵੱਲੋਂ ਧਰਨਾ ਲਾ ਕੇ ਸੜਕੀ ਆਵਾਜਾਈ ਠੱਪ ਕੀਤੇ ਜਾਣ ਕਾਰਨ ਪ੍ਰਸ਼ਾਸਨ ਨੇ ਮਜ਼ਦੂਰ ਆਗੂਆਂ ਨੂੰ ਮੀਟਿੰਗ ਲਈ ਸੱਦਾ ਦਿੱਤਾ। ਮਜ਼ਦੂਰਾਂ ਦੇ ਵਫ਼ਦ ਨਾਲ ਡੀ ਸੀ ਦੀ ਮੀਟਿੰਗ ਵਿੱਚ ਮਗਨਰੇਗਾ ਦਾ ਰੁਕਿਆ ਕੰਮ ਜਨਵਰੀ ਮਹੀਨੇ ’ਚ ਸ਼ੁਰੂ ਕਰਨ, ਮਗਨਰੇਗਾ ਕਾਮਿਆਂ ਦੀ ਸਵੇਰੇ ਤੇ ਸ਼ਾਮ ਇੱਕੋ ਥਾਂ ਹਾਜ਼ਰੀ ਲਾਉਣ ਅਤੇ ਮੀਹਾਂ ਕਾਰਨ ਮਜ਼ਦੂਰਾਂ ਦੇ ਨੁਕਸਾਨੇ ਗਏ ਮਕਾਨਾਂ ਦੀ ਭਰਪਾਈ ਕਰਨ ਦਾ ਫ਼ੈਸਲਾ ਹੋਇਆ ਹੈ। ਜੋਰਾ ਸਿੰਘ ਨਸਰਾਲੀ ਤੋਂ ਇਲਾਵਾ ਮਨਦੀਪ ਸਿੰਘ ਸਿਬੀਆਂ, ਪ੍ਰਕਾਸ਼ ਸਿੰਘ ਨੰਦਗੜ੍ਹ, ਬਾਵਾ ਸਿੰਘ ਦਿਉਣ, ਮਿੱਠੂ ਸਿੰਘ ਘੁੱਦਾ, ਮੱਖਣ ਸਿੰਘ ਗੁਰੂਸਰ, ਲਾਭ ਸਿੰਘ ਅਕਲੀਆ, ਨਛੱਤਰ ਸਿੰਘ ਰਾਮਨਗਰ, ਅਮੀ ਲਾਲ ਬਲਾਹੜ ਮਹਿਮਾ ਅਤੇ ਕੁਲਵੰਤ ਸਿੰਘ ਜੀਦਾ ਨੇ ਕਿਹਾ ਕਿ ਮੋਦੀ ਅਤੇ ਮਾਨ ਹਕੂਮਤਾਂ ਮਜਦੂਰਾਂ ਦੇ ਰੁਜ਼ਗਾਰ ਨੂੰ ਖ਼ਤਮ ਕਰਨ ਦੀਆਂ ਚਾਲਾਂ ਚੱਲ ਰਹੀਆਂ ਹਨ।

