ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਪੰਜਾਬ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੁਆਰਾ ਮਨਰੇਗਾ ਕਾਨੂੰਨ ਤਹਿਤ ਹੁੰਦੇ ਕੰਮਾਂ ਨੂੰ ਬੰਦ ਕਰਨ ਅਤੇ ਦਲਿਤਾਂ ’ਤੇ ਹੋ ਰਹੇ ਸਮਾਜਿਕ ਅੱਤਿਆਚਾਰਾਂ ਖ਼ਿਲਾਫ਼ ਇਥੇ ਵਧੀਕ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਅੱਗੇ ਲਾਇਆ ਪੱਕਾ ਮੋਰਚਾ ਅੱਜ ਚੌਥੇ ਦਿਨ ਵੀ ਜਾ ਰਿਹਾ।
ਮੋਰਚੇ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੇ ਨਾਦਰਸ਼ਾਹੀ ਫ਼ਰਮਾਨ ਨਾਲ ਮਨਰੇਗਾ ਮਜ਼ਦੂਰਾਂ ਦੇ ਚੁੱਲ੍ਹੇ ਠੰਢੇ ਹੋਣ ਲੱਗੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਮੋਦੀ ਸਰਕਾਰ ਲੋਕਾਂ ਨੂੰ ਬੇਰੁਜ਼ਗਾਰੀ, ਕਰਜ਼ਿਆਂ ਤੇ ਨਸ਼ਿਆਂ ਦੀ ਦਲਦਲ ਵਿੱਚ ਸੁੱਟ ਆਪਣੀ ਕੁਰਸੀ ਮਜ਼ਬੂਤ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਵਰਗ ਵੀ ਕਿਸਾਨਾਂ ਦੀ ਤਰ੍ਹਾਂ ਆਪਣਾ ਰੁਜ਼ਗਾਰ ਬਚਾਓ ਲਈ ਸੜਕਾਂ ’ਤੇ ਆਉਣ। ਉਨ੍ਹਾਂ ਕਿਹਾ ਕਿ ਮਨਰੇਗਾ ਕੰਮ ਬੰਦ ਹੋਣ ਨਾਲ ਮਜ਼ਦੂਰਾਂ ਦੇ ਰੁਜ਼ਗਾਰ ਨਾਲ ਪੇਂਡੂ ਵਿਕਾਸ ਵੀ ਪ੍ਰਭਾਵਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਮਨਰੇਗਾ ਰੁਜ਼ਗਾਰ ਤੇ ਪੇਂਡੂ ਵਿਕਾਸ ਬਚਾਉਣ ਲਈ ਪੰਚਾਇਤਾਂ ਵੀ ਅੱਗੇ ਆਉਣ। ਉਨ੍ਹਾਂ ਦੱਸਿਆ ਕਿ ਸੰਯੁਕਤ ਦਲਿਤ ਮੋਰਚਾ ਵੱਲੋਂ 20 ਅਗਸਤ ਨੂੰ ਫਰੀਦਕੋਟ ਜੋਨ ਕਮਿਸ਼ਨਰ ਦੇ ਦਫ਼ਤਰ ਅੱਗੇ ਵੀ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲੀ ਸਤੰਬਰ ਤੱਕ ਪੰਜਾਬ ਦੇ ਸਾਰੇ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤਾ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੇ ਮੁੱਖ ਮੰਤਰੀ ਮਾਨ ਦੀ ਮਨਰੇਗਾ ਵਿਰੋਧੀ ਫ਼ੈਸਲੇ ਖ਼ਿਲਾਫ਼ ਪੂਰੇ ਪੰਜਾਬ ਅੰਦਰ ਅੰਦੋਲਨ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਨਿੱਕਾ ਸਿੰਘ ਬਹਾਦਰਪੁਰ, ਮਨਜੀਤ ਕੌਰ ਜੋਗਾ, ਸੁਖਵਿੰਦਰ ਸਿੰਘ ਬੋਹਾ, ਪ੍ਰਦੀਪ ਗੂਰੂ, ਭੋਲ਼ਾ ਸਿੰਘ ਝੱਬਰ, ਬਾਵਾ ਸਿੰਘ ਅਲੀਸ਼ੇਰ, ਗੁਰਦੀਪ ਸਿੰਘ, ਬਲਜੀਤ ਕੌਰ ਬਰਨਾਲਾ, ਸੋਨੂ ਝੱਬਰ,ਸੱਤਪਾਲ ਸਿੰਘ ਬਹਿਣੀਵਾਲ ਵੀ ਮੌਜੂਦ ਸਨ।