ਸਾਦੁਲਪੁਰ-ਹਨੂੰਮਾਨਗੜ੍ਹ ਰੇਲਵੇ ਲਾਈਨ ’ਤੇ ਅੰਡਰ ਬ੍ਰਿਜ ਬਣਾਉਣ ਦਾ ਕੰਮ ਲਟਕਿਆ
ਢਾਣੀ ਜਾਟਾਨ, ਕਿਸ਼ਨਪੁਰਾ, ਮਿਠੁਨਪੁਰਾ, ਖਾਰੀ ਸੁਰੇਰਾ, ਮਿੱਠੀ ਸੁਰੇਰਾ ਅਤੇ ਢਾਣੀ ਰੂਪਨਗਰ ਸਣੇ ਏਲਨਾਬਾਦ ਖੇਤਰ ਦੇ ਲਗਪਗ ਇੱਕ ਦਰਜਨ ਪਿੰਡਾਂ ਦੇ ਲੋਕ ਪਿਛਲੇ 10 ਸਾਲਾਂ ਤੋਂ ਟੀਵੀਐੱਸ ਏਜੰਸੀ ਦੇ ਨੇੜੇ ਸਿਰਸਾ ਰੋਡ ਸੜਕ ਤੋਂ ਨਿਕਲਣ ਵਾਲੀ 33 ਫੁੱਟ ਸੜਕ ’ਤੇ ਪੈਂਦੀ ਰੇਲਵੇ ਲਾਈਨ ’ਤੇ ਅੰਡਰ ਬ੍ਰਿਜ ਬਣਾਉਣ ਦੀ ਮੰਗ ਕਰ ਰਹੇ ਹਨ, ਜੋ ਰੇਲਵੇ ਲਾਈਨ ਨੂੰ ਪਾਰ ਕਰਦੀ ਹੈ ਅਤੇ ਸਿੱਧੇ ਨੌਹਰ ਰੋਡ ਨਾਲ ਮਿਲਦੀ ਹੈ ਪਰ ਰੇਲਵੇ ਵੱਲੋਂ ਇਸ ਅੰਡਰ ਬ੍ਰਿਜ ਨੂੰ ਮਨਜ਼ੂਰੀ ਦੇਣ ਦੇ ਬਾਵਜੂਦ, ਹਰਿਆਣਾ ਸਰਕਾਰ ਇਲਾਕੇ ਦੇ ਲਗਪਗ ਇੱਕ ਦਰਜਨ ਪਿੰਡਾਂ ਦੇ ਲੋਕਾਂ ਦੀ ਇਸ ਗੰਭੀਰ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ। ਇਸ ਕਾਰਨ ਇਨ੍ਹਾਂ ਪਿੰਡਾਂ ਦੇ ਲੋਕਾਂ ’ਚ ਹਰਿਆਣਾ ਸਰਕਾਰ ਵਿਰੁੱਧ ਗੁੱਸਾ ਲਗਾਤਾਰ ਵਧ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਅੰਡਰ ਬ੍ਰਿਜ ਦੇ ਨਿਰਮਾਣ ਨਾਲ ਦੋ ਵੱਡੇ ਫਾਇਦੇ ਹੋਣਗੇ। ਇੱਕ ਪਾਸੇ ਲੋਕਾਂ ਦੀ ਇਹ ਵੱਡੀ ਸਮੱਸਿਆ ਹੱਲ ਹੋ ਜਾਵੇਗੀ ਅਤੇ ਦੂਜੇ ਪਾਸੇ ਇਹ ਸੜਕ ਸਿਰਸਾ ਰੋਡ ਤੋਂ ਸਿੱਧੇ ਨੌਹਰ ਰੋਡ ਨਾਲ ਜੁੜ ਜਾਵੇਗੀ ਜਿਸ ਕਾਰਨ ਸਿਰਸਾ-ਨੌਹਰ ਵੱਲ ਆਉਣ-ਜਾਣ ਵਾਲੇ ਸਾਰੇ ਵਾਹਨ ਇਸ ਸੜਕ ਤੋਂ ਲੰਘਣਗੇ ਅਤੇ ਸ਼ਹਿਰ ਨੂੰ ਵੀ ਟਰੈਫਿਕ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਇਲਾਕੇ ਦੇ ਲੋਕਾਂ ਨੇ ਇਸ ਸਮੱਸਿਆ ਨੂੰ ਜਲਦੀ ਹੱਲ ਕਰਨ ਦੀ ਮੰਗ ਕੀਤੀ ਹੈ। ਦਿਆਲ ਸਿੰਘ, ਕਰਮ ਸਿੰਘ, ਪਰਮਜੀਤ, ਬਲਵਿੰਦਰ ਕੁਮਾਰ ਤੇ ਮਨਪ੍ਰੀਤ ਨੇ ਦੱਸਿਆ ਕਿ ਇੱਥੇ ਅੰਡਰ ਬ੍ਰਿਜ ਨਾ ਹੋਣ ਕਾਰਨ ਬੱਚਿਆਂ ਨੂੰ ਸਕੂਲ ਜਾਣ ਸਮੇਂ ਅਤੇ ਆਪਣੇ ਕੰਮ ਲਈ ਪਿੰਡ ਖਾਰੀ ਸੁਰੇਰਾ ਜਾਂ ਨੋਹਰ ਰੋਡ ਦੀ ਕੱਚੀ ਸੜਕ ਰਾਹੀਂ ਏਲਨਾਬਾਦ ਜਾਣਾ ਪੈਂਦਾ ਹੈ। ਰੇਲਵੇ ਨੇ ਇੱਥੇ ਅੰਡਰ ਬ੍ਰਿਜ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਪਰ ਹਰਿਆਣਾ ਸਰਕਾਰ ਵੱਲੋਂ ਅਨੁਮਾਨਤ ਰਕਮ ਜਮ੍ਹਾਂ ਨਾ ਕਰਵਾਉਣ ਕਾਰਨ ਇਹ ਕੰਮ 10 ਸਾਲਾਂ ਤੋਂ ਲਟਕਿਆ ਹੋਇਆ ਹੈ। ਲੋਕਾਂ ਦੀ ਮੰਗ ਹੈ ਕਿ ਹਰਿਆਣਾ ਸਰਕਾਰ ਨੂੰ ਲੋਕਾਂ ਦੀ ਇਸ ਵੱਡੀ ਸਮੱਸਿਆ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਅੰਡਰ ਬਰਿੱਜ ਜਲਦੀ ਤੋਂ ਜਲਦੀ ਬਣਾਇਆ ਜਾਣਾ ਚਾਹੀਦਾ ਹੈ।