ਲੜਕੀਆਂ ਲਈ ਖੇਡ ਮੈਦਾਨ ਬਣਾਉਣ ਦਾ ਕੰਮ ਸ਼ੁਰੂ
ਕਸਬਾ ਸ਼ਹਿਣਾ ਦੀ ਪੁੱਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਨੇ ਰਲ ਕੇ ਲੜਕੀਆਂ ਲਈ ਖੇਡ ਮੈਦਾਨ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ। ਸਰਪੰਚ ਨਾਜ਼ਮ ਸਿੰਘ ਨੇ ਦੱਸਿਆ ਕਿ ਖੇਡ ਮੈਦਾਨ 24 ਕਨਾਲਾਂ ਵਿੱਚ ਬਣਨਾ ਹੈ ਜੋ ਗਰਲਜ਼ ਸਕੂਲ ਦੇ ਬਿਲਕੁਲ ਨਾਲ ਹੈ। ਦੂਸਰੇ ਪਾਸੇ ਪੁੱਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਨੀ ਨੇ ਦੱਸਿਆ ਕਿ ਜੇਸੀਬੀ ਮਸ਼ੀਨ ਲਾ ਕੇ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
ਸਰਪੰਚ ਨਾਜ਼ਮ ਸਿੰਘ ਨੇ ਲੋਕਾਂ ਨੂੰ ਇਥੇ ਕੂੜਾ ਨਾ ਸੁੱਟਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਕਬਜ਼ੇ ਵੀ ਨਹੀਂ ਹੋਣ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਸਕੂਲ ਮੈਨੇਜਮੈਂਟ ਨੇ ਲੜਕੀਆਂ ਲਈ ਵੱਖਰੇ ਗਰਾਊੂਂਡ ਦੀ ਮੰਗ ਕੀਤੀ ਸੀ। ਅੱਗੋਂ ਪੁੱਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਨੇ ਪੰਚਾਇਤ ਨਾਲ ਮੀਟਿੰਗ ਕਰ ਕੇ ਇਸ ਨੂੰ ਨੇਪਰੇ ਚਾੜ੍ਹਨ ਦੀ ਰਣਨੀਤੀ ਬਣਾਈ। ਪੰਚਾਇਤ ਨੇ ਇਸ ਖੇਡ ਗਰਾਊਂਡ ਲਈ 24 ਕਨਾਲਾਂ ਜ਼ਮੀਨ ਦੇ ਦਿੱਤੀ ਹੈ। ਪ੍ਰਧਾਨ ਨੇ ਦੱਸਿਆ ਕਿ ਜਲਦੀ ਹੀ ਲੜਕੀਆਂ ਲਈ ਸੁੰਦਰ ਗਰਾਊਂਡ ਬਣਾ ਦਿੱਤਾ ਜਾਵੇਗਾ। ਇਸ ਮੌਕੇ ਜੈ ਆਦਮ ਪ੍ਰਕਾਸ਼ ਸਿੰਘ ਪ੍ਰਧਾਨ ਸਹਿਕਾਰੀ ਸਭਾ ਸ਼ਹਿਣਾ, ਪੰਚ ਜੋਗਿੰਦਰ ਸਿੰਘ, ਪੰਚ ਮਨਪ੍ਰੀਤ ਸਿੰਘ ਪੀਤਾ, ਪੰਚ ਬੇਅੰਤ ਸਿੰਘ, ਪੰਚ ਗੁਰਮੁੱਖ ਸਿੰਘ, ਸਾਬਕਾ ਸਰਪੰਚ ਜਤਿੰਦਰ ਸਿੰਘ ਖਹਿਰਾ ਆਦਿ ਹਾਜ਼ਰ ਸਨ।