ਚਿੱਪ ਵਾਲੇ ਮੀਟਰ ਲਗਾਉਣ ਆਏ ਬਿਜਲੀ ਮੁਲਾਜ਼ਮਾਂ ਨੂੰ ਔਰਤਾਂ ਨੇ ਘੇਰਿਆ
ਇੱਥੋਂ ਦੀ ਚੁੱਘਾ ਬਸਤੀ ਵਿੱਚ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਮੀਟਰ ਬਦਲੀ ਕਰਨ ਆਏ ਬਿਜਲੀ ਮੁਲਾਜ਼ਮਾਂ ਨੂੰ ਮੁਹੱਲੇ ਦੀਆਂ ਔਰਤਾਂ ਨੇ ਘੇਰ ਲਿਆ ਅਤੇ ਚਿੱਪ ਵਾਲੇ ਨਵੇਂ ਮੀਟਰਾਂ ਦਾ ਵਿਰੋਧ ਕੀਤਾ। ਮੁਹੱਲੇ ਦੀਆਂ ਔਰਤਾਂ ਮੁਤਾਬਕ ਬਿਜਲੀ ਵਿਭਾਗ ਵਾਲੇ...
ਇੱਥੋਂ ਦੀ ਚੁੱਘਾ ਬਸਤੀ ਵਿੱਚ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਮੀਟਰ ਬਦਲੀ ਕਰਨ ਆਏ ਬਿਜਲੀ ਮੁਲਾਜ਼ਮਾਂ ਨੂੰ ਮੁਹੱਲੇ ਦੀਆਂ ਔਰਤਾਂ ਨੇ ਘੇਰ ਲਿਆ ਅਤੇ ਚਿੱਪ ਵਾਲੇ ਨਵੇਂ ਮੀਟਰਾਂ ਦਾ ਵਿਰੋਧ ਕੀਤਾ। ਮੁਹੱਲੇ ਦੀਆਂ ਔਰਤਾਂ ਮੁਤਾਬਕ ਬਿਜਲੀ ਵਿਭਾਗ ਵਾਲੇ ਬਕਸਿਆਂ ਅੰਦਰ ਲਗਾਏ ਹੋਏ ਮੀਟਰਾਂ ਨੂੰ ਜਾਣਬੁੱਝ ਕੇ ਉਤਾਰ ਕੇ ਨਵੇਂ ਚਿੱਪ ਵਾਲੇ ਮੀਟਰ ਲਗਾਉਣਾ ਚਾਹੁੰਦੇ ਸਨ। ਉਨ੍ਹਾਂ ਦੱਸਿਆ ਕਿ ਇਹ ਨਵੇਂ ਮੀਟਰ ਬਿਜਲੀ ਖਪਤਕਾਰਾਂ ਦੇ ਹਿੱਤ ਵਿੱਚ ਨਹੀਂ ਹਨ। ਇਨ੍ਹਾਂ ਮੀਟਰਾਂ ਦੀ ਗਲਤ ਰੀਡਿੰਗ ਕੱਢਣ ਦੀਆਂ ਪੰਜਾਬ ਭਰ ਵਿੱਚੋਂ ਸ਼ਿਕਾਇਤਾਂ ਆ ਰਹੀਆਂ ਹਨ। ਇਸ ਲਈ ਉਹ ਇਸ ਦਾ ਵਿਰੋਧ ਕਰ ਰਹੇ ਹਨ। ਦੂਜੇ ਪਾਸੇ ਵਿਭਾਗ ਦੇ ਸਭ ਡਿਵੀਜ਼ਨ ਅਧਿਕਾਰੀ ਸੁਖਚੈਨ ਸਿੰਘ ਨੇ ਦੱਸਿਆ ਕਿ ਵਿਭਾਗੀ ਮੁਲਾਜ਼ਮ ਜੇਈ ਦੀ ਅਗਵਾਈ ਹੇਠ ਸੜੇ ਹੋਏ ਮੀਟਰ ਬਦਲਣ ਗਏ ਸਨ। ਮੁਹੱਲੇ ਦੇ ਕੁਝ ਲੋਕਾਂ ਵਲੋਂ ਇਸਦਾ ਵਿਰੋਧ ਜ਼ਰੂਰ ਕੀਤਾ ਗਿਆ ਸੀ ਲੇਕਿਨ ਉਨ੍ਹਾਂ ਨੂੰ ਸਮਝਾ ਕੇ ਸੜੇ ਮੀਟਰ ਬਦਲ ਦਿੱਤੇ ਗਏ ਹਨ। ਇੱਕ ਵੱਖਰੇ ਬਿਆਨ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਆਗੂ ਅਵਤਾਰ ਸਿੰਘ ਧਰਮ ਸਿੰਘ ਵਾਲਾ ਨੇ ਚੁੱਘਾ ਬਸਤੀ ਵਿਚ ਮਜ਼ਦੂਰਾਂ ਦੇ ਘਰਾਂ ਵਿੱਚ ਬਿਜਲੀ ਵਿਭਾਗ ਵਲੋਂ ਧੱਕੇ ਨਾਲ ਚਿੱਪ ਵਾਲੇ ਮੀਟਰ ਲਗਾਉਣ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਤੋਂ ਲਗਾਏ ਸਾਰੇ ਮੀਟਰ ਉਤਾਰ ਕੇ ਬਿਜਲੀ ਦਫ਼ਤਰਾਂ ਵਿਚ ਜਮ੍ਹਾਂ ਕਰਵਾਏ ਜਾਣਗੇ।

