ਨਸ਼ੀਲੇ ਕੈਪਸੂਲਾਂ ਦਾ ਮਾਮਲਾ ਸੰਸਦ ’ਚ ਚੁੱਕਾਂਗਾ: ਮੀਤ ਹੇਅਰ
ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲੋਕ ਲਹਿਰ ਬਣਾਉਣ ਦੀ ਲੋੜ ’ਤੇ ਜ਼ੋਰ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੈਡੀਕਲ ਸਟੋਰਾਂ ’ਤੇ ਮਿਲਦੇ ਕੁੱਝ ਕੈਪਸੂਲਾਂ ਨੂੰ ਨਸ਼ੇ ਵਜੋਂ ਵਰਤਣ ਦੇ ਮਾਮਲੇ ਵਿਚ ਐੱਨ ਡੀ ਪੀ ਐੱਸ ਤਹਿਤ ਕਾਰਵਾਈ ਅਧੀਨ ਲਿਆਉਣ ਦਾ ਮੁੱਦਾ ਉਹ ਸੰਸਦ ਵਿਚ ਚੁੱਕਣਗੇ ਕਿਉਂਕਿ ਇਹ ਕੇਂਦਰ ਸਰਕਾਰ ਦੇ ਹੱਥ ਹੈ। ਉਨ੍ਹਾਂ ਕਿਹਾ ਕਿ ਹੁਣ ਨੌਜਵਾਨਾਂ ਦਾ ਸਿਹਤ ਪੱਖੋਂ ਸਭ ਤੋਂ ਵੱਧ ਨੁਕਸਾਨ ਮੈਡੀਕਲ ਨਸ਼ੇ ਹੀ ਕਰਨ ਲੱਗੇ ਹਨ। ਉਹ ਅੱਜ ਇਥੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹਾ ਤਾਲਮੇਲ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਲੋਕ ਸਭਾ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਸਿਰਤੋੜ ਯਤਨ ਕਰ ਰਹੀ ਹੈ,ਪਰ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਾਂਝੇ ਯਤਨ ਕਰਕੇ ਲੋਕ ਲਹਿਰ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਕੋਆਰਡੀਨੇਟਰਜ਼ ਲਾਉਣ ਤੋਂ ਇਲਾਵਾ ਪਿੰਡ ਅਤੇ ਸ਼ਹਿਰ ਪੱਧਰ ’ਤੇ ਵਿਲੇਜ ਡਿਫੈਂਸ ਕਮੇਟੀਆਂ ਅਤੇ ਵਾਰਡ ਡਿਫੈਂਸ ਕਮੇਟੀਆਂ ਦੇ ਮੈਂਬਰ ਲਾਏ ਗਏ ਹਨ।
ਡਿਫ਼ੈਂਸ ਕਮੇਟੀਆਂ ਨੂੰ ਜ਼ਿਲ੍ਹਾ ਪੱਧਰੀ ਸਿਖ਼ਲਾਈ ਦਿੱਤੀ
ਬਰਨਾਲਾ (ਪਰਸ਼ੋਤਮ ਬੱਲੀ): ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਪਿੰਡ ਪੱਧਰੀ ਵਿਲੇਜ ਡਿਫੈਂਸ ਕਮੇਟੀ ਅਤੇ ਵਾਰਡ ਡੀਫੈਂਸ ਕਮੇਟੀ ਦੇ ਮੈਂਬਰਾਂ ਦੀ ਜ਼ਿਲ੍ਹਾ ਪੱਧਰੀ ਸਿਖਲਾਈ ਅੱਜ ਮੈਂਬਰ ਸੰਸਦ ਗੁਰਮੀਤ ਸਿੰਘ ਮੀਤ ਹੇਅਰ ਦੀ ਪ੍ਰਧਾਨਗੀ ਹੇਠ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਕਰਵਾਈ ਗਈ। ਇਸ ਮੌਕੇ ਸ਼੍ਰੀ ਹੇਅਰ ਨੇ ਕਿਹਾ ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ਼ ਲੜਾਈ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਕਮੇਟੀਆਂ ਬਣਾਈਆਂ ਗਾਈਆਂ ਹਨ ਅਤੇ ਪ੍ਰਤੀ ਹਲਕਾ 1500 ਮੈਂਬਰ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਬੰਧਤ ਐੱਸ ਡੀ ਐਮ ਅਤੇ ਡੀ ਐੱਸ ਪੀ ਵੱਲੋਂ ਇਹ ਸਿਖ਼ਲਾਈ ਹੁਣ ਡਿਵੀਜ਼ਨ ਪੱਧਰ ਉੱਤੇ ਦਿੱਤੀ ਜਾਵੇਗੀ।

