ਜੈਤੋ ’ਚ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਵਾਂਗਾ: ਅਮੋਲਕ ਸਿੰਘ
ਸ਼ਗਨ ਕਟਾਰੀਆ
ਜੈਤੋ, 22 ਜੂਨ
ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਖੁਲਾਸਾ ਕੀਤਾ ਕਿ ਇੱਥੋਂ ਦੇ ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ਨੂੰ ਪੰਜਾਬ ਸਰਕਾਰ ਜਲਦੀ ਹੀ ਸਿਵਲ ਹਸਪਤਾਲ ਵਜੋਂ ਅੱਪਗਰੇਡ ਕਰੇਗੀ। ਉਨ੍ਹਾਂ ਦੱਸਿਆ ਕਿ ਸਿਹਤ ਕੇਂਦਰ ਦੇ ਦਰਜੇ ’ਚ ਵਾਧੇ ਲਈ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨਾਲ ਗੱਲ ਹੋ ਚੁੱਕੀ ਹੈ ਅਤੇ ਦੋਵਾਂ ਨੇ ਇਸ ਬਾਰੇ ਹਾਮੀ ਭਰੀ ਹੈ।
ਇਥੇ ਹੈਲਥ ਸੈਂਟਰ ਨੂੰ ਨਵੀਂ ਐਂਬੂਲੈਂਸ ਦੀ ਸਹੂਲਤ ਦੇਣ ਪੁੱਜੇ ਵਿਧਾਇਕ ਨੇ ਕਿਹਾ ਸਿਹਤ ਅਤੇ ਸਿੱਖਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਸਿਹਤ ਕੇਂਦਰ ਦੀ ਪਹਿਲਾਂ ਵਾਲੀ ਐਂਬੂਲੈਂਸ ਕੰਡਮ ਹੋ ਗਈ ਸੀ, ਇਸ ਲਈ ਉਨ੍ਹਾਂ ਸਰਕਾਰ ਨੂੰ ਬੇਨਤੀ ਕਰਕੇ ਨਵੀਂ ਐਂਬੂਲੈਂਸ ਇੱਥੇ ਲਿਆਂਦੀ ਹੈ। ਉਨ੍ਹਾਂ ਆਖਿਆ, ‘ਮੇਰੇ ਧਿਆਨ ਵਿੱਚ ਹੈ ਕਿ ਜੈਤੋ ’ਚ ਪ੍ਰਾਈਵੇਟ ਸਿਹਤ ਸੇਵਾਵਾਂ ਦੀ ਘਾਟ ਹੋਣ ਕਾਰਨ ਸ਼ਹਿਰ ਅਤੇ ਪਿੰਡਾਂ ’ਚ ਵਸਦੇ ਲੱਖਾਂ ਲੋਕਾਂ ਦੀ ਸਿਹਤ ਦੀ ਜ਼ਿੰਮੇਵਾਰੀ ਜੈਤੋ ਦੇ ਸਰਕਾਰੀ ਸਿਹਤ ਅਦਾਰੇ ’ਤੇ ਹੈ। ਮੇਰੀ ਇੱਛਾ ਹੈ ਕਿ ਇਸ ਸਿਹਤ ਕੇਂਦਰ ਨੂੰ ਹੋਰ ਵਿਸ਼ਾਲ ਬਣਾ ਕੇ, ਮਾਹਿਰ ਡਾਕਟਰਾਂ ਦੀ ਇੱਥੇ ਤਾਇਨਾਤੀ ਕਰਵਾਈ ਜਾਵੇ।’
ਇਸ ਮੌਕੇ ਅਮੋਲਕ ਸਿੰਘ ਨੇ ਨਵੀਂ ਐਂਬੂਲੈਂਸ ਨੂੰ ਰਸਮੀ ਤੌਰ ’ਤੇ ਹਰੀ ਝੰਡੀ ਵਿਖਾ ਕੇ ਲੋਕਾਂ ਦੀ ਸੇਵਾ ’ਚ ਅਰਪਣ ਕੀਤੀ। ਇਸ ਮੌਕੇ ਡਾ. ਵਰਿੰਦਰ ਕੁਮਾਰ ਸਮੇਤ ਸਿਹਤ ਕੇਂਦਰ ਦਾ ਅਮਲਾ, ਚੇਅਰਮੈਨ ਡਾ. ਲਛਮਣ ਭਗਤੂਆਣਾ, ਚੇਅਰਮੈਨ ਗੁਰਬਿੰਦਰ ਸਿੰਘ ਵਾਲੀਆ, ਟਰੱਕ ਅਪਰੇਟਰਜ਼ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਐਡਵੋਕੇਟ ਹਰਸਿਮਰਨ ਮਲਹੋਤਰਾ, ‘ਆਪ’ ਆਗੂ ਗੁਰਭੇਜ ਸਿੰਘ ਬਰਾੜ, ਸੱਤਪਾਲ ਡੋਡ, ਤੀਰਥ ਰਾਜ ਗਰਗ, ਨਗਰ ਕੌਂਸਲ ਜੈਤੋ ਦੇ ਪ੍ਰਧਾਨ ਡਾ. ਹਰੀਸ਼ ਚੰਦਰ, ਕੌਂਸਲਰ ਨਰਿੰਦਰ ਸਿੰਘ, ਵੀਰਪਾਲ ਕੌਰ ਸੇਖੋਂ, ਕੁਲਦੀਪ ਸਿੰਘ ਦਲ ਸਿੰਘ ਵਾਲਾ, ਅਸ਼ੋਕ ਗਰਗ ਤੇ ਹੋਰ ਮੌਜੂਦ ਸਨ।