ਕੱਚੀਆਂ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਵੀ ਮੁਆਵਜ਼ਾ ਦਿਆਂਗੇ: ਬਲਜੀਤ ਕੌਰ
ਕੈਬਨਿਟ ਮੰਤਰੀ ਬਲਜੀਤ ਕੌਰ ਨੇ ਅੱਜ ਫਾਜ਼ਿਲਕਾ ਦੇ ਰਾਮ ਸਿੰਘ ਭੈਣੀ ਸਮੇਤ ਕਰੀਬ 20 ਪਿੰਡਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਨੁਸਾਰ, ਇਸ ਵਾਰ ਹੜ੍ਹ ਨਾਲ ਨੁਕਸਾਨ ਝੱਲ ਰਹੇ ਕੱਚੀਆਂ ਜ਼ਮੀਨਾਂ ਦੇ ਕਿਸਾਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀ ਪ੍ਰਕਿਰਿਆ ਸ਼ੁਰੂ ਕਰਵਾ ਦਿੱਤੀ ਗਈ ਹੈ ਅਤੇ ਗਿਰਦਾਵਰੀ ਕੰਮ ਤੇਜ਼ੀ ਨਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਆਪਣੇ ਵੱਲੋਂ ਵੀ 2 ਲੱਖ ਰੁਪਏ ਰਾਹਤ ਫੰਡ ਵਿੱਚ ਦਿੱਤੇ ਗਏ ਹਨ ਤਾਂ ਜੋ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਬਲਜੀਤ ਕੌਰ ਨੇ ਕਿਹਾ, “ਸਾਡੀ ਸਰਕਾਰ ਦਾ ਪਹਿਲਾ ਮਕਸਦ ਹਰ ਪ੍ਰਭਾਵਿਤ ਪਰਿਵਾਰ ਨੂੰ ਜਲਦੀ ਤੋਂ ਜਲਦੀ ਰਾਹਤ ਪਹੁੰਚਾਉਣਾ ਹੈ। ਅਸੀਂ ਆਪਣੇ ਭੈਣ-ਭਰਾਵਾਂ ਦੇ ਨਾਲ ਹਰ ਕਦਮ ਤੇ ਖੜ੍ਹੇ ਹਾਂ ਅਤੇ ਜਦੋਂ ਤਕ ਉਨ੍ਹਾਂ ਦੀ ਜ਼ਿੰਦਗੀ ਮੁੜ ਪਟੜੀ ’ਤੇ ਨਹੀਂ ਆ ਜਾਂਦੀ, ਸਾਡੀ ਮਿਹਨਤ ਜਾਰੀ ਰਹੇਗੀ।”
ਉਨ੍ਹਾਂ ਕਿਹਾ ਕਿ ਹੜ੍ਹ ਨਾਲ ਟੁੱਟੀਆਂ ਸੜਕਾਂ ਅਤੇ ਹੋਰ ਨੁਕਸਾਨ ਦੀ ਮੁਰੰਮਤ ਲਈ ਵੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਲੋਕਾਂ ਨੂੰ ਆਵਾਜਾਈ ਸਹੂਲਤਾਂ ਮੁੜ ਪ੍ਰਾਪਤ ਹੋਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਰਾਹਤ ਸਮਗਰੀ, ਮੈਡੀਕਲ ਕੈਂਪ ਅਤੇ ਹੋਰ ਸਹੂਲਤਾਂ ਪਹਿਲਾਂ ਹੀ ਲੋਕਾਂ ਤੱਕ ਪਹੁੰਚਾਈ ਜਾ ਰਹੀਆਂ ਹਨ।
ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਸੜਕਾਂ ਨੂੰ ਇਕ ਵਾਰ ਆਵਾਜਾਈ ਲਈ ਮੁਰੰਮਤ ਕੀਤੀ ਜਾਵੇਗੀ ਅਤੇ ਫਿਰ ਲੋਕ ਰਾਏ ਨਾਲ ਸੜਕਾਂ ਨੂੰ ਉੱਚਾ ਕਰਕੇ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਫਸਲਾਂ ਦੇ ਹੋਏ ਨੁਕਸਾਨ ਦੇ ਨਾਲ ਘਰਾਂ ਅਤੇ ਜਾਨਵਰਾਂ ਦੇ ਹੋਏ ਨੁਕਸਾਨ ਲਈ ਵੀ ਮੁਆਵਜ਼ਾ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਗਿਰਦਾਵਰੀ ਸ਼ੁਰੂ ਹੋ ਗਈ ਹੈ। ਇਸ ਮੌਕੇ ਐੱਸਡੀਐੱਮ ਵੀਰਪਾਲ ਕੌਰ, ਡੀਪੀਓ ਨਵਦੀਪ ਕੌਰ, ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਨੂਰਸ਼ਾਹ ਵੀ ਹਾਜ਼ਰ ਸਨ।