DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਠਿੰਡਾ ਨੇੜਲੇ ਪਿੰਡਾਂ ’ਚ ਜੰਗਲੀ ਜਾਨਵਰ ਦੀ ਦਹਿਸ਼ਤ

ਲੋਕ ਘਰੋਂ ਨਿਕਲਣ ਤੋਂ ਡਰਨ ਲੱਗੇ; ਜੰਗਲੀ ਜੀਵ ਵਿਭਾਗ ਦੀ ਟੀਮ ਨੇ ਸਰਗਰਮੀ ਵਧਾਈ
  • fb
  • twitter
  • whatsapp
  • whatsapp
featured-img featured-img
ਪਿੰਡ ਮਹਿਮਾ ਭਗਵਾਨਾ ਦੇ ਖੇਤਾਂ ਦਾ ਨਿਰੀਖਣ ਕਰਦੀ ਹੋਈ ਵਣ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ।
Advertisement
ਮਨੋਜ ਸ਼ਰਮਾਬਠਿੰਡਾ, 12 ਫਰਵਰੀ

ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ’ਚ ‘ਅਣਪਛਾਤਾ’ ਜੰਗਲੀ ਜਾਨਵਰ ਹੋਣ ਕਾਰਨ ਲੋਕ ਡਰੇ ਹੋਏ ਹਨ। ਪੁਲੀਸ ਚੌਕੀ ਕਿਲੀ ਨਿਹਾਲ ਸਿੰਘ ਵਾਲਾ ਦੇ ਆਸ-ਪਾਸ ਪੈਂਦੇ ਪਿੰਡਾਂ ਦੇ ਲੋਕ ਖੌਫ਼ ਦੇ ਸਾਏ ’ਚ ਜੀਅ ਰਹੇ ਹਨ। ਲੋਕ ਘਰ ਤੋਂ ਬਾਹਰ ਜਾਣ ਤੋਂ ਡਰਨ ਲੱਗੇ ਹਨ ਅਤੇ ਅਜਿਹੇ ਵਿੱਚ ਉਨ੍ਹਾਂ ਦੇ ਖੇਤਾਂ ’ਚ ਕੰਮਕਾਰ ਬੰਦ ਹੋ ਗਏ ਹਨ। ਪਿਛਲੇ ਚਾਰ ਦਿਨਾਂ ਤੋਂ ਵਣ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਇਸ ਜਾਨਵਰ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਹਾਲੇ ਤੱਕ ਕੋਈ ਸਫ਼ਲਤਾ ਨਹੀਂ ਮਿਲੀ। ਵਿਭਾਗ ਦੀ ਟੀਮ ਨੂੰ ਇਹ ਵੀ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਜਾਨਵਰ ਕਿਹੜਾ ਹੈ। ਵਣ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਕਦੇ ਗਿੱਦੜ, ਕਦੇ ਲੂੰਬੜ ਤੇ ਕਦੇ ਬਗਿਆੜ ਹੋਣ ਦੀ ਗੱਲ ਕਰ ਰਹੀ ਹੈ ਪਰ ਹਾਲੇ ਤੱਕ ਪੂਰੀ ਪੁਸ਼ਟੀ ਨਹੀਂ ਹੋ ਸਕੀ। ਜ਼ਿਕਰਯੋਗ ਹੈ ਕਿ ਹਵਾਈ ਅੱਡੇ ਨੇੜਲੇ ਪਿੰਡ ਭਿਸੀਆਣਾ ਵਿੱਚ ਇਹ ਜਾਨਵਰ ਬੀਤੇ ਦਿਨੀਂ ਇੱਕ ਔਰਤ ਤੇ ਦੋ ਵਿਅਕਤੀਆਂ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਚੁੱਕਾ ਹੈ। ਪਿੰਡ ਮਹਿਮਾ ਭਗਵਾਨਾਂ ’ਚ ਵੀ ਇੱਕ ਕਿਸਾਨ ਉੱਤੇ ਹਮਲਾ ਹੋਣ ਦੀ ਖ਼ਬਰ ਮਿਲੀ। ਇਸ ਨੂੰ ਲੈ ਕੇ ਬਠਿੰਡਾ ਵਿਭਾਗ ਦੇ ਰੇਂਜ ਅਫਸਰ ਤੇਜਿੰਦਰ ਸਿੰਘ ਦੀ ਅਗਵਾਈ ਵਿੱਚ ਖੋਜ ਟੀਮ ਭਿਸੀਆਣਾ, ਕਿਲੀ ਨਿਹਾਲ ਸਿੰਘ ਵਾਲਾ ਤੇ ਮਹਿਮਾ ਭਗਵਾਨਾ ਦੇ ਖੇਤਾਂ ਵਿੱਚ ਸਰਚ ਅਭਿਆਨ ਚਲਾ ਰਹੀ ਹੈ। ਬੀਕੇਯੂ ਉਗਰਾਹਾਂ ਦੇ ਆਗੂ ਸੁਖਜੀਵਨ ਸਿੰਘ ਬਬਲੀ ਤੇ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਦੇ ਨੰਬਰਦਾਰ ਯਾਦਵਿੰਦਰ ਸਿੰਘ ਯਾਦੀ ਨੇ ਕਿਹਾ ਕਿ ਹਮਲੇ ਹਾਲੇ ਵੀ ਜਾਰੀ ਹਨ, ਜਿਸ ਕਾਰਨ ਲੋਕ ਰਾਤ ਨੂੰ ਖੇਤਾਂ ਵਿੱਚ ਜਾਣ ਤੋਂ ਵੀ ਡਰ ਰਹੇ ਹਨ। ਉਨ੍ਹਾਂ ਨੇ ਜੰਗਲਾਤ ਵਿਭਾਗ ਤੋਂ ਮੰਗ ਕੀਤੀ ਕਿ ਸ਼ੱਕੀ ਥਾਵਾਂ ’ਤੇ ਪਿੰਜਰੇ, ਜਾਲ, ਸਮੋਗ ਕੈਮਰੇ ਅਤੇ ਡਰੋਨ ਲਗਾਏ ਜਾਣ। ਰੇਂਜ ਅਫਸਰ ਤੇਜਿੰਦਰ ਸਿੰਘ ਨੇ ਦੱਸਿਆ ਕਿ ਮਹਿਮਾ ਭਗਵਾਨਾ ਦੇ ਟਿੱਬਿਆਂ ’ਚ ਪਹਿਲਾਂ ਹੀ ਪਿੰਜਰਾ ਲਾਇਆ ਜਾ ਚੁੱਕਾ ਹੈ ਅਤੇ ਲੋੜ ਪੈਣ ’ਤੇ ਹੋਰ ਕੈਮਰੇ ਅਤੇ ਡਰੋਨ ਵੀ ਵਰਤੇ ਜਾਣਗੇ। ਉਨ੍ਹਾਂ ਆਖਿਆ ਕਿ ਜੰਗਲੀ ਜਾਨਵਰ ਨੂੰ ਫੜਨ ਲਈ ਪੂਰੀ ਵਾਹ ਲਾਈ ਜਾ ਰਹੀ ਹੈ।

Advertisement

Advertisement
×