ਜੋਗਿੰਦਰ ਸਿੰਘ ਮਾਨ
ਮਾਨਸਾ, 9 ਅਪਰੈਲ
ਮਾਲਵਾ ਦੀਆਂ ਅਨਾਜ ਮੰਡੀਆਂ ਵਿੱਚ ਅਜੇ ਤੱਕ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦਾ ਇੱਕ ਵੀ ਦਾਣਾ ਵਿਕਣ ਲਈ ਨਹੀਂ ਆਇਆ ਹੈ ਜਦੋਂਕਿ ਪੰਜਾਬ ਸਰਕਾਰ ਵੱਲੋਂ ਪਹਿਲੀ ਅਪਰੈਲ ਤੋਂ ਸਰਕਾਰੀ ਖਰੀਦ ਕਰਨ ਦਾ ਬਕਾਇਦਾ ਐਲਾਨ ਕੀਤਾ ਹੋਇਆ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਮੌਸਮ ’ਚ ਅਚਾਨਕ ਆਈ ਤਬਦੀਲੀ ਕਾਰਨ ਕਣਕ ਦੇ ਪਕਾਅ ਵਿੱਚ ਦੇਰੀ ਹੋਣ ਲੱਗੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ.ਐੱਸ ਰੋਮਾਣਾ ਨੇ ਦੱਸਿਆ ਕਿ ਇਸ ਵਾਰ ਬੇਸ਼ੱਕ ਮਾਲਵਾ ਪੱਟੀ ਵਿਚ ਕਣਕ ਦੀ ਬਿਜਾਈ, ਨਰਮੇ ਦੇ ਖੇਤ ਛੇਤੀ ਵਿਹਲੇ ਹੋਣ ਕਾਰਨ ਪਹਿਲਾਂ ਦੇ ਮੁਕਾਬਲੇ ਅਗੇਤੀ ਹੋਈ ਹੈ, ਪਰ ਮਾਰਚ ਮਹੀਨੇ ਦੇ ਅਖਰੀਲੇ ਦਿਨਾਂ ਦੌਰਾਨ ਮੌਸਮ ’ਚ ਆਈ ਤਬਦੀਲੀ ਨੂੰ ਵੇਖਦਿਆਂ ਜਾਪਦਾ ਹੈ ਕਿ ਕਣਕ ਦੀ ਫ਼ਸਲ ਮਾਲਵਾ ਪੱਟੀ ਵਿੱਚ ਵਿਸਾਖੀ ਤੋਂ ਮਗਰੋਂ ਹੀ ਪੱਕ ਕੇ ਅਨਾਜ ਮੰਡੀਆਂ ਵਿੱਚ ਪਹੁੰਚੇਗੀ।
ਖੇਤੀ ਮਾਹਿਰਾਂ ਮੁਤਾਬਿਕ ਫ਼ਸਲ ਦੇ ਲੇਟ ਪੱਕਣ ਪਿੱਛੇ ਇਸ ਵਾਰ ਮੌਸਮ ਤਬਦੀਲੀ ਨੂੰ ਇੱਕ ਮੁੱਖ ਕਾਰਨ ਬਣਿਆ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਦੇ ਨਾਲ ਇਸ ਵਾਰ ਕਣਕ ਦਾ ਝਾੜ ਵੱਧ ਨਿਕਲਣ ਦਾ ਅਨੁਮਾਨ ਵੀ ਹੈ, ਕਿਉਂਕਿ ਲੇਟ ਬੀਜੀ ਕਣਕ ਨੂੰ ਪੱਕਣ ਵਿੱਚ ਇਸ ਵਾਰ ਪਹਿਲਾਂ ਦੇ ਮੁਕਾਬਲੇ ਵੱਧ ਸਮਾਂ ਮਿਲ ਗਿਆ ਹੈ।
ਪ੍ਰਸ਼ਾਸਨ ਵੱਲੋਂ ਖ਼ਰੀਦ ਲਈ ਵਿਆਪਕ ਬੰਦੋਬਸਤ: ਡੀਸੀ
ਮਾਨਸਾ ਜ਼ਿਲ੍ਹੇ ਦੇ ਡੀਸੀ ਕੁਲਵੰਤ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਖਰੀਦ ਲਈ ਵਿਆਪਕ ਬੰਦੋਬਸਤ ਕਰ ਲਏ ਹਨ, ਪਰ ਅਜੇ ਤੱਕ ਕੋਈ ਵੀ ਕਿਸਾਨ ਕਿਸੇ ਮੰਡੀ ਵਿੱਚ ਆਪਣੀ ਜਿਣਸ ਲੈ ਕੇ ਨਹੀਂ ਪੁੱਜਿਆ। ਉਨ੍ਹਾਂ ਮੰਨਿਆ ਕਿ ਇਸ ਜ਼ਿਲ੍ਹੇ ਵਿੱਚ ਦੂਜੇ ਜ਼ਿਲ੍ਹਿਆਂ ਦੇ ਨਿਸ਼ਚਿਤ ਕਣਕ ਦੀ ਵਾਢੀ ਦਾ ਕੰਮ ਵੀ ਪਛੜ ਕੇ ਆਰੰਭ ਹੁੰਦਾ ਹੈ, ਜਿਸ ਨਾਲ ਅਗੇਤੀ ਕਣਕ ਮੰਡੀਆਂ ਵਿੱਚ ਆਉਣੀ ਅਸੰਭਵ ਹੈ।
ਬਲਾਕ ਸ਼ਹਿਣਾ ਦੇ 14 ਖ਼ਰੀਦ ਕੇਂਦਰ ਕਣਕ ਬਿਨਾਂ ਸੁੰਨੇ
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਬਲਾਕ ਸ਼ਹਿਣਾ ਦੀਆਂ 14 ਮੰਡੀਆਂ ਕਣਕ ਤੋਂ ਬਿਨਾਂ ਸੁੰਨੀਆਂ ਪਈਆਂ ਹਨ। ਬਲਾਕ ਸ਼ਹਿਣਾ ਦੇ ਪਿੰਡ ਉਗੋਕੇ, ਸੁਖਪੁਰਾ, ਬੁਰਜ ਫਤਹਿਗੜ੍ਹ, ਵਿਧਾਤੇ, ਚੂੰਘਾਂ, ਮੌੜਾਂ, ਜਗਜੀਤਪੁਰਾ ਆਦਿ ’ਚ ਹਾਲੇ ਕਿਤੇ ਵੀ ਕਣਕ ਦੀ ਵਾਢੀ ਨਹੀਂ ਹੋਈ ਜਦਕਿ ਉਂਝ ਕਣਕਾਂ ਸੁਨਹਿਰੀ ਹੋ ਚੁੱਕੀਆਂ ਹਨ। ਇਹ ਗੱਲ ਵੀ ਉਭਰ ਕੇ ਸਾਹਮਣੇ ਆਈ ਹੈ ਕਿ ਇਸ ਵਾਰ ਸਿਰਫ਼ 5 ਫੀਸਦੀ ਕਣਕ ਦੀ ਕਟਾਈ ਦਾਤੀਆਂ ਨਾਲ ਅਤੇ 95 ਫੀਸਦੀ ਕਣਕ ਦੀ ਕਟਾਈ ਕੰਬਾਈਨਾਂ ਨਾਲ ਹੋਵੇਗੀ ਕਿਉਂਕਿ ਇਸ ਵਾਰ ਤੂੜੀ ਦਾ ਰੇਟ 150 ਤੋਂ 200 ਰੁਪਏ ਕੁਇੰਟਲ ਹੀ ਰਿਹਾ ਹੈ। ਤੂੜੀ ਦੀ ਕੀਮਤ ਨਾ ਵਧਣ ਕਾਰਨ ਵੀ ਕਿਸਾਨ ਹੱਥੀਂ ਕਣਕ ਦੀ ਕਟਾਈ ਤੋਂ ਟਾਲਾ ਵੱਟ ਰਿਹਾ ਹੈ। ਕਿਸਾਨ ਬਹਾਦਰ ਸਿੰਘ, ਜਰਨੈਲ ਸਿੰਘ, ਗਗਨਦੀਪ ਸਿੰਘ, ਚਰਨਜੀਤ ਸਿੰਘ, ਰੂਪ ਸਿੰਘ ਸ਼ਹਿਣਾ ਨੇ ਦੱਸਿਆ ਕਿ ਵਿਸਾਖੀ ਪਿੱਛੋਂ ਕਣਕ ਦੀ ਕਟਾਈ ਦਾ ਇੱਕਦਮ ਜ਼ੋਰ ਪੈ ਜਾਵੇਗਾ। ਦੂਸਰੇ ਪਾਸੇ, ਮਾਰਕੀਟ ਕਮੇਟੀ ਦੇ ਸੈਕਟਰੀ ਹਰਦੀਪ ਸਿੰਘ ਨੇ ਦੱਸਿਆ ਕਿ ਮੰਡੀਆਂ ’ਚ ਸਫ਼ਾਈ ਅਤੇ ਆਰਜ਼ੀ ਪਖਾਨੇ ਬਣਾਉਣ ਦਾ ਕੰਮ ਮੁਕੰਮਲ ਕਰ ਦਿੱਤਾ ਗਿਆ ਹੈ। ਮੰਡੀਆਂ ’ਚ ਕੰਮ ਕਰਨ ਲਈ ਪਰਵਾਸੀ ਮਜ਼ਦੂਰ ਵੀ ਹਾਲੇ ਨਹੀਂ ਆਏ ਹਨ ਜਿਨ੍ਹਾਂ ਦੇ ਵਿਸਾਖੀ ਤੱਕ ਆਉਣ ਦੀ ਸੰਭਾਵਨਾ ਹੈ।