ਮਾਲਵਾ ਪੱਟੀ ਦੇ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਨੇ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਦਾ ਕਾਰਜ ਨਿਬੇੜਨ ਦਾ ਸੱਦਾ ਦਿੱਤਾ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਨਵੰਬਰ ਦੇ ਅਖ਼ਰੀਲੇ ਹਫ਼ਤੇ ਬੀਜੀ ਕਣਕ ਦਾ ਝਾੜ ਹੀ ਨਹੀਂ ਘਟਦਾ, ਸਗੋਂ ਉਸ ਦੀ ਗੁਣਵੱਤਾ ਵਿੱਚ ਵੀ ਅੰਤਰ ਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਨਰਮਾ ਪੱਟੀ ਵਿੱਚ ਕਣਕ ਦੀ ਬਿਜਾਈ ਦਾ ਕਾਰਜ ਹਰ ਸਾਲ ਅਕਸਰ ਹੀ ਲੇਟ ਹੋ ਜਾਂਦਾ, ਪਰ ਇਸ ਵਾਰ ਝੋਨੇ ਹੇਠ ਰਕਬਾ ਵੱਧ ਹੋਣ ਕਾਰਨ ਭਾਵੇਂ ਖੇਤ ਖਾਲੀ ਹੋ ਗਏ ਹਨ। ਇਸ ਕਰ ਕੇ ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਕਣਕ ਦੀ ਬਿਜਾਈ ਦਾ ਕਾਰਜ ਜਲਦੀ ਨਿਬੇੜਨ ਲਈ ਕਿਹਾ ਗਿਆ ਹੈ, ਪਰ ਇੱਥੇ ਵੱਡਾ ਅੜਿੱਕਾ ਨਹਿਰੀ ਪਾਣੀ ਸਣੇ ਡੀ ਏ ਪੀ, ਸੁਧਰੇ ਹੋਏ ਕਣਕ ਦੇ ਬੀਜ ਦੇ ਸਹਿਕਾਰੀ ਸਭਾਵਾਂ ਵਿੱਚ ਨਾ ਪੁੱਜਣਾ ਹੈ।
ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ ਐੱਸ ਰੋਮਾਣਾ ਦਾ ਕਹਿਣਾ ਹੈ ਕਿ ਚੰਗਾ ਝਾੜ ਪ੍ਰਾਪਤ ਕਰਨ ਲਈ ਕਣਕ ਦੀ ਬਿਜਾਈ ਵੇਲੇ ਸਿਰ ਕਰਨੀ ਜ਼ਰੂਰੀ। ਜੇ ਬਿਜਾਈ ਪਛੜ ਕੇ ਕੀਤੀ ਜਾਂਦੀ ਹੈ ਤਾਂ ਉਸ ਦਾ ਪਿਛੇਤ ਅਨੁਸਾਰ ਝਾੜ ਘਟਦਾ ਜਾਂਦਾ ਹੈ। ਡਾ. ਰੋਮਾਣਾ ਨੇ ਕਿਹਾ ਕਿ ਢੁੱਕਵੇਂ ਸਮੇਂ ਤੋਂ ਬਿਜਾਈ ’ਚ ਹਫ਼ਤੇ ਦੀ ਪਿਛੇਤ, ਝਾੜ ਨੂੰ ਤਕਰੀਬਨ 250 ਕਿਲੋ ਪ੍ਰਤੀ ਏਕੜ, ਪ੍ਰਤੀ ਹਫ਼ਤਾ ਘਟਾ ਦਿੰਦੀ ਹੈ। ਉਨ੍ਹਾਂ ਮੰਨਿਆ ਕਿ ਨਵੰਬਰ ਦਾ ਪਹਿਲਾ ਪੰਦਰਵਾੜਾ ਕਣਕ ਦੇ ਚੰਗੇ ਝਾੜ ਲਈ ਸਭ ਤੋਂ ਢੁੱਕਵਾਂ ਹੈ। ਕਣਕ ਦੀਆਂ ਲੰਬੇ ਸਮੇਂ ਦੀਆਂ ਕਿਸਮਾਂ ਦੀ ਬਿਜਾਈ ਅਕਤੂਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਬੀਜੀਆਂ ਕਣਕ ਦੀਆਂ ਅਨੇਕਾਂ ਕਿਸਮਾਂ ਫ਼ਸਲ ਪੱਕਣ ਦੇ ਨੇੜੇ ਉੱਚੇ ਤਾਪਮਾਨ ਤੋਂ ਬਚੀਆਂ ਰਹਿੰਦੀਆਂ ਹਨ।
ਡਾ. ਰੋਮਾਣਾ ਨੇ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਾਅਦ ਕਿਸਾਨ ਕਣਕ ਦੀ ਸਿੱਧੀ ਬਿਜਾਈ ਕਰ ਕੇ ਲਗਪਗ ਦੋ ਹਜ਼ਾਰ ਰੁਪਏ ਪ੍ਰਤੀ ਏਕੜ ਦੀ ਬੱਚਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਕਣਕ ਦੀ ਬਿਜਾਈ ਵੇਲੇ 35 ਕਿਲੋ ਯੂਰੀਆ ਅਤੇ ਬੀਜ ਨੂੰ ਕਲੋਰਪੈਰੀਫਾਸ ਚਾਰ ਮਿਲੀਲੀਟਰ ਪ੍ਰਤੀ ਕਿਲੋ ਦੇ ਹਿਸਾਬ ਨਾਲ ਬੀਜ ਨੂੰ ਜ਼ਰੂਰ ਸੋਧ ਕੇ ਬੀਜਣ। ਉਨ੍ਹਾਂ ਕਿਹਾ ਕਿ ਨਵੰਬਰ ਦੇ ਤੀਜੇ ਤੋਂ ਚੌਥੇ ਹਫ਼ਤੇ ਤੱਕ ਉੱਨਤ ਪੀ ਬੀ ਡਬਲਯੂ 550 ਦੀ ਬਿਜਾਈ ਕੀਤੀ ਜਾਵੇ।
ਖੇਤੀ ਵਿਭਾਗ ਦੇ ਮਾਨਸਾ ਸਥਿਤ ਜ਼ਿਲ੍ਹਾ ਅਧਿਕਾਰੀ ਹਰਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਮਾਲਵਾ ਪੱਟੀ ਵਿੱਚ ਨਰਮੇ ਵਾਲੇ ਖੇਤਰ ’ਚ ਅਜੇ ਤੱਕ ਕਾਫ਼ੀ ਹਿੱਸਾ ਕਣਕ ਬੀਜਣ ਤੋਂ ਰਹਿੰਦਾ ਹੈ, ਜਾਪਦਾ ਹੈ ਕਿ ਨਵੰਬਰ ਦੇ ਤੀਜੇ-ਚੌਥੇ ਹਫ਼ਤੇ ਸਮੁੱਚੇ ਰੂਪ ’ਚ ਬਿਜਾਈ ਸਮਾਪਤ ਹੋ ਜਾਵੇਗੀ।

