ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੌਸਮ ਦਾ ਮਿਜ਼ਾਜ: ਮਾਲਵੇ ’ਚ ਝੱਖੜ ਮਗਰੋਂ ਮੀਂਹ ਨਾਲ ਗਰਮੀ ਤੋਂ ਰਾਹਤ

ਤੇਜ਼ ਹਵਾਵਾਂ ਕਾਰਨ ਬਿਜਲੀ ਦੇ ਖੰਭੇ ਟੁੱਟੇ ਤੇ ਦਰੱਖ਼ਤ ਪੁੱਟੇ
ਬਠਿੰਡਾ ’ਚ ਦੇਰ ਸ਼ਾਮ ਝੱਖੜ ਕਾਰਨ ਸੜਕ ’ਤੇ ਦਰੱਖ਼ਤ ਡਿੱਗਣ ਕਾਰਨ ਲੱਗਾ ਜਾਮ। -ਫੋਟੋ: ਪਵਨ ਸ਼ਰਮਾ
Advertisement

ਮਨੋਜ ਸ਼ਰਮਾ/ਜੋਗਿੰਦਰ ਸਿੰਘ ਮਾਨ

ਬਠਿੰਡਾ/ਮਾਨਸਾ, 24 ਮਈ

Advertisement

ਮਾਲਵੇ ਵਿੱਚ ਅੱਜ ਦੇਰ ਸ਼ਾਮ ਤੇਜ਼ ਝੱਖੜ ਝੁਲਿਆ ਜਿਸ ਕਾਰਨ ਲੋਕਾਂ ਨੂੰ ਆਪਣੀ ਮੰਜ਼ਿਲ ਵੱਲ ਜਾਣ ਲਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਸ ਝੱਖੜ ਦੀ ਰਫ਼ਤਾਰ 70 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਗਈ ਹੈ। ਇਸ ਦੌਰਾਨ ਕਈ ਥਾਈਂ ਦਰੱਖ਼ਤ ਤੇ ਬਿਜਲੀ ਦੇ ਖੰਭੇ ਟੁੱਟ ਗਏ ਜਿਸ ਕਾਰਨ ਕਈ ਥਾਈਂ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦੀਆਂ ਖ਼ਬਰਾਂ ਹਨ। ਧੂੜ ਕਾਰਨ ਕਾਰ ਚਾਲਕ ਰਾਹਗੀਰਾਂ ਨੂੰ ਹੌਲੀ ਚੱਲਣਾ ਪਿਆ ਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਸੜਕਾਂ ਕੰਢੇ ਰੁਕਣਾ ਪਿਆ ਜਿਸ ਕਾਰਨ ਸ਼ਹਿਰ ’ਚ ਜਾਮ ਵਰਗੀ ਸਥਿਤੀ ਬਣੀ ਰਹੀ। ਝੱਖੜ ਤੋਂ ਬਾਅਦ ਤੇਜ਼ ਛਰਾਟੇ ਪਏ ਜਿਸ ਕਾਰਨ ਲੋਕਾਂ ਨੂੰ ਗਰਮੀ ਤੇ ਧੂੜ ਤੋਂ ਰਾਹਤ ਮਿਲੀ। ਮਾਨਸਾ ਸਮੇਤ ਹੋਰ ਸ਼ਹਿਰਾਂ ਅਤੇ ਪਿੰਡਾਂ ਵਿੱਚ ਘੁੱਪ ਹਨੇਰਾ ਹੋ ਗਿਆ। ਲੋਕ ਘਰਾਂ ਤੋਂ ਬਾਹਰ ਘਿਰ ਗਏ।

ਬਿਜਲੀ ਬੰਦ ਕਾਰਨ ਲੋਕਾਂ ਨੂੰ ਘਰਾਂ ਵਿਚ ਖਾਣਾ ਬਣਾਉਣਾ ਔਖਾ ਹੋ ਗਿਆ। ਜਾਣਕਾਰੀ ਅਨੁਸਾਰ ਬਠਿੰਡਾ-ਮੁਕਤਸਰ ਰੋਡ ’ਤੇ ਦਰੱਖਤ ਟੁੱਟਣ ਕਾਰਨ ਰਾਹਗੀਰਾਂ ਨੂੰ ਵੱਡੀ ਪੱਧਰ ’ਤੇ ਮੁਸ਼ਕਲਾਂ ਆਈਆਂ। ਖੰਭੇ ਟੁੱਟਣ ਕਾਰਨ ਬਿਜਲੀ ਸਪਲਾਈ ਬੰਦ ਹੋ ਗਈ। ਕੁਝ ਘਰਾਂ ਦੀਆਂ ਛੱਤਾਂ ਦੇ ਟੀਨ ਉੱਡਣ ਦਾ ਵੀ ਸਮਾਚਾਰ ਹੈ। ਗੌਰਤਲਬ ਹੈ ਕਿ ਬਠਿੰਡਾ ਇਨੀ ਦਿਨੀਂ ਸੂਬੇ ਦਾ ਸਭ ਤੋਂ ਵੱਧ ਗਰਮ ਸ਼ਹਿਰ ਬਣਿਆ ਹੋਇਆ ਸੀ ਜਿਥੇ ਦਿਨ ਦਾ ਤਾਪਮਾਨ 45 ਤੋਂ 47 ਡਿਗਰੀ ਸੈਲਸੀਅਸ ਵਿਚਕਾਰ ਬਣਿਆ ਹੋਇਆ ਸੀ। ਤੇਜ਼ ਗਰਮੀ ਕਾਰਨ ਮਾਲਵੇ ’ਚ ਫ਼ਸਲਾਂ, ਸਬਜ਼ੀਆਂ ਤੇ ਹਰੇ ਚਾਰੇ ਦਾ ਬੁਰਾ ਹਾਲ ਹੈ। ਮੌਸਮ ਵਿਗਿਆਨੀਆਂ ਨੇ ਅਗਲੇ ਘੰਟਿਆਂ ਵਿਚ ਹੋਰ ਹਲਕੀ ਬਾਰਿਸ਼ ਜਾਂ ਤੂਫ਼ਾਨ ਆਉਣ ਦੀ ਸੰਭਾਵਨਾ ਜਤਾਈ ਹੈ। ਉਨ੍ਹਾਂ ਲੋਕਾਂ ਨੂੰ ਘਰਾਂ ਵਿਚ ਰਹਿਣ ਅਤੇ ਬੇਲੋੜੇ ਸਫ਼ਰ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਫ਼ਤਹਿਗੜ੍ਹ ਪੰਜਤੂਰ (ਹਰਦੀਪ ਸਿੰਘ): ਇਥੇ ਅੱਜ ਦੇਰ ਸ਼ਾਮ ਤੇਜ਼ ਝੱਖੜ ਝੁੱਲਿਆ। ਝੱਖੜ ਦੀ ਰਫ਼ਤਾਰ ਐਨੀ ਤੇਜ਼ ਸੀ ਲੋਕਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਦਿੱਤਾ। ਬਾਜ਼ਾਰ ਵਿੱਚ ਆਏ ਲੋਕਾਂ ਵਿਚ ਅਫ਼ਰਾਤਫੜੀ ਦਾ ਮਾਹੌਲ ਬਣ ਗਿਆ। ਲੋਕ ਸੁਰੱਖਿਅਤ ਟਿਕਾਣੇ ਦੀ ਭਾਲ ਵਿੱਚ ਇੱਧਰ ਉੱਧਰ ਭੱਜ ਨਿਕਲੇ। ਲਗਪਗ ਅੱਧੇ ਘੰਟ। ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲੀ। ਇਸ ਤੋਂ ਬਾਅਦ ਹਲਕੀ ਬੂੰਦਾ-ਬਾਂਦੀ ਵੀ ਹੋਈ। ਫਿਲਹਾਲ ਖੇਤਰ ’ਚ ਕਿਸੇ ਨੁਕਸਾਨ ਦੀ ਖ਼ਬਰ ਨਹੀਂ ਹੈ।

ਤੇਜ਼ ਗਰਮੀ ਕਾਰਨ ਫ਼ਸਲਾਂ ਝੁਲਸੀਆਂ

ਏਲਨਾਬਾਦ (ਜਗਤਾਰ ਸਮਾਲਸਰ): ਖੇਤਰ ਵਿੱਚ ਪੈ ਰਹੀ ਭਿਆਨਕ ਗਰਮੀ ਕਾਰਨ ਜਿੱਥੇ ਆਮ ਜਨ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੈ ਉੱਥੇ ਨਰਮੇ-ਕਪਾਹ ਅਤੇ ਗੁਆਰੇ ਦੀ ਫ਼ਸਲ ਵੀ ਝੁਲਸ ਰਹੀ ਹੈ। ਕਿਸਾਨਾਂ ਹਰੀ ਸਿੰਘ, ਬਲਵਿੰਦਰ ਸਿੰਘ, ਸੁਰਿੰਦਰ ਕੁਮਾਰ, ਮੁਖਤਿਆਰ ਸਿੰਘ ਆਦਿ ਨੇ ਦੱਸਿਆ ਕਿ ਅਜਿਹੇ ਮੌਸਮ ਵਿੱਚ ਫ਼ਸਲਾਂ ਨੂੰ ਪਾਣੀ ਦੀ ਜ਼ਰੂਰਤ ਵੱਧ ਹੁੰਦੀ ਹੈ ਪਰ ਮੀਂਹ ਨਾ ਪੈਣ ਅਤੇ ਨਹਿਰਾਂ ਵਿੱਚ ਪਾਣੀ ਨਾ ਆਉਣ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਨਹੀਂ ਮਿਲ ਰਿਹਾ। ਜ਼ਿਆਦਾਤਰ ਕਿਸਾਨ ਟਿਊਬਵੈੱਲਾਂ ਨਾਲ ਪਾਣੀ ਲਾਕੇ ਆਪਣੀਆਂ ਫ਼ਸਲਾਂ ਨੂੰ ਬਚਾਉਣ ਦਾ ਯਤਨ ਕਰ ਰਹੇ ਹਨ ਪਰ ਗਰਮੀ ਐਨੀ ਜ਼ਿਆਦਾ ਪੈ ਰਹੀ ਹੈ ਕਿ ਟਿਊਬਵੈੱਲਾਂ ਦਾ ਪਾਣੀ ਵੀ ਕੋਈ ਰਾਹਤ ਨਹੀਂ ਦੇ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਕੁਝ ਦਿਨ ਪਹਿਲਾ ਚੱਲੀ ਹਨ੍ਹੇਰੀ ਕਾਰਨ ਫਸਲਾਂ ਤੇ ਪੱਤਿਆਂ ਤੇ ਵੀ ਮਿੱਟੀ ਜੰਮ ਗਈ ਹੈ ਜਿਸ ਨਾਲ ਹੁਣ ਫ਼ਸਲਾਂ ਝੁਲਸ ਰਹੀਆ ਹਨ। ਕਿਸਾਨਾਂ ਨੇ ਦੱਸਿਆ ਕਿ ਨਰਮੇ-ਕਪਾਹ ਦੀ ਬਿਜਾਈ ਸਮੇਂ ਦੋ-ਤਿੰਨ ਵਾਰ ਲਗਾਤਾਰ ਮੀਂਹ ਪੈ ਜਾਣ ਕਾਰਨ ਫ਼ਸਲਾਂ ਕਰੰਡ ਹੋ ਗਈਆਂ ਸਨ ਅਤੇ ਕਿਸਾਨਾਂ ਨੂੰ ਮਹਿੰਗੇ ਭਾਅ ਦੇ ਬੀਜ ਖਰੀਦ ਕੇ ਦੁਬਾਰਾ ਬਿਜਾਈ ਕਰਨੀ ਪਈ ਸੀ। ਹੁਣ ਜਦੋਂ ਫ਼ਸਲਾਂ ਉੱਗ ਚੁੱਕੀਆਂ ਹਨ ਤਾਂ ਭਿਆਨਕ ਗਰਮੀ ਨਾਲ ਨਸ਼ਟ ਹੋ ਰਹੀਆਂ ਹਨ। ਗਰਮੀ ਵਧਣ ਕਾਰਨ ਨਰਮੇ-ਕਪਾਹ ਅਤੇ ਗੁਆਰੇ ਤੋਂ ਇਲਾਵਾਂ ਸਬਜ਼ੀਆਂ ਅਤੇ ਪਸ਼ੂਆਂ ਲਈ ਬੀਜਿਆਂ ਗਿਆ ਹਰਾ ਚਾਰਾ ਵੀ ਝੁਲਸ ਗਿਆ ਹੈ।

Advertisement