ਤਪਾ ਸਟੇਸ਼ਨ ’ਤੇ ਰੇਲ ਗੱਡੀਆਂ ਜਲਦ ਬਹਾਲ ਕਰਾਂਗੇ: ਬਿੱਟੂ
ਭਾਜਪਾ ਮੰਡਲ ਤਪਾ ਦਾ ਵਫ਼ਦ ਕੇਂਦਰੀ ਰੇਲਵੇ ਰਾਜ ਮੰਤਰੀ ਨੂੰ ਮਿਲਿਆ
ਰੇਲਵੇ ਸਟੇਸ਼ਨ ਤਪਾ ’ਤੇ ਕਰੋਨਾ ਕਾਲ ਤੋਂ ਬੰਦ ਹੋਈਆਂ ਰੇਲ ਗੱਡੀਆਂ ਨੂੰ ਬਹਾਲ ਕਰਵਾਉਣ ਦੀ ਮੰਗ ਲਈ ਭਾਜਪਾ ਮੰਡਲ ਤਪਾ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਅਤੇ ਭਾਜਪਾ ਮੰਡਲ ਤਪਾ ਦੇ ਪ੍ਰਧਾਨ ਅਸ਼ਵਨੀ ਬਹਾਵਲਪੁਰੀਆ ਦੀ ਅਗਵਾਈ ’ਚ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮਿਲਿਆ। ਵਫ਼ਦ ਮੈਂਬਰਾਂ ਨੇ ਦੱਸਿਆ ਕਿ ਕਰੋਨਾ ਕਾਲ ਤੋਂ ਸ੍ਰੀ ਗੰਗਾਨਗਰ-ਸ੍ਰੀ ਨਾਂਦੇੜ ਸਾਹਿਬ, ਬੀਕਾਨੇਰ-ਦਿੱਲੀ ਸਰਾਏ ਰੋਹਿਲਾ ਤੇ ਬਾੜਮੇਰ-ਰਿਸ਼ੀਕੇਸ਼ ਰੇਲ ਗੱਡੀਆਂ ਦੇ ਤਪਾ ਸਟੇਸ਼ਨ ’ਤੇ ਠਹਿਰਾਅ ਬੰਦ ਕਰ ਦਿੱਤੇ ਗਏ ਸਨ ਜਿਨ੍ਹਾਂ ਨੂੰ ਮੁੜ ਚਾਲੂ ਨਾ ਹੋਣ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਇਸ ਲਈ ਬੰਦ ਠਹਿਰਾਅ ਮੁੜ ਚਾਲੂ ਕੀਤੇ ਜਾਣ। ਵਫ਼ਦ ਮੈਂਬਰਾਂ ਨੇ ਦੱਸਿਆ ਕਿ ਤਪਾ ਰੇਲਵੇ ਸਟੇਸ਼ਨ ਨਾਲ ਲਗਭਗ 20 ਪਿੰਡਾਂ ਦੀ ਆਬਾਦੀ ਜੁੜੀ ਹੈ ਤੇ ਲੋਕਾਂ ਨੂੰ ਰੇਲਗੱਡੀਆਂ ਦੇ ਠਹਿਰਾਉ ਨਾ ਹੋਣ ਕਾਰਨ ਰਾਮਪੁਰਾ ਜਾਂ ਬਰਨਾਲਾ ਤੋਂ ਗੱਡੀਆਂ ਲੈਣੀਆਂ ਪੈਂਦੀਆਂ ਹਨ ਜਿਸ ਕਾਰਨ ਉਨ੍ਹਾਂ ਦਾ ਸਮਾਂ ਖਰਾਬ ਹੁੰਦਾ ਹੈ ਤੇ ਸ੍ਰੀ ਨਾਂਦੇੜ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੀ ਯਾਤਰਾ ਤੋਂ ਵੀ ਸ਼ਰਧਾਲੂ ਵਾਂਝੇ ਰਹਿ ਜਾਂਦੇ ਹਨ। ਭਾਜਪਾ ਮੰਡਲ ਦੇ ਆਗੂ ਅਸ਼ਵਨੀ ਬਹਾਵਲਪੁਰੀਆ ਨੇ ਦੱਸਿਆ ਕਿ ਵਫ਼ਦ ਵੱਲੋਂ ਕੀਤੀ ਮੰਗ ਨੂੰ ਸ੍ਰੀ ਬਿੱਟੂ ਵੱਲੋਂ ਜਲਦ ਹੀ ਮੰਨਣ ਦਾ ਭਰੋਸਾ ਦਿੱਤਾ ਗਿਆ। ਵਫ਼ਦ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਗੁਰਸ਼ਰਨ ਸਿੰਘ ਠੀਕਰੀਵਾਲਾ, ਬਲਵਿੰਦਰਪਾਲ ਸਿੰਘ ਹੈਪੀ ਭਦੌੜ ਅਤੇ ਸਰਕਲ ਤਪਾ ਦੇ ਪ੍ਰੈਟੀ ਭਾਰਤੀ ਤਪਾ ਸ਼ਾਮਲ ਸਨ।