ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਵਿਕਾਸ ਕਾਰਜਾਂ ’ਚ ਤੇਜ਼ੀ ਲਿਆਂਦੀ ਜਾ ਰਹੀ ਹੈ ਅਤੇ ਰੋਜ਼ਾਨਾ ਸ਼ਹਿਰ ਵਿਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕੌਂਸਲਰ ਬਲਜੀਤ ਕੌਰ ਸਿੱਧੂ ਦੇ ਵਾਰਡ ਨੰਬਰ 3 ਵਿੱਚ ਲਗਪਗ 42 ਲੱਖ ਰੁਪਏ ਦੀ ਲਾਗਤ ਹੋਣ ਵਾਲਾ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ।
ਮੇਅਰ ਮਹਿਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼ਹਿਰ ਦੀ ਹਰ ਸੜਕ ਦੇ ਵੱਟ ਕੱਢ ਦਿਆਂਗੇ ਤਾਂ ਜੋ ਆਮ ਲੋਕਾਂ ਨੂੰ ਆਉਣ-ਜਾਣ ਵਿੱਚ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਦੱਸਿਆ ਕਿ ਨਵੇਂ ਸਾਲ ਮੌਕੇ ਇਲਾਕੇ ਨੂੰ 'ਆਮ ਆਦਮੀ ਕਲੀਨਿਕ' ਦਾ ਤੋਹਫ਼ਾ ਦਿੱਤਾ ਜਾਵੇਗਾ, ਜਿਸ ਨਾਲ ਸਥਾਨਕ ਲੋਕਾਂ ਨੂੰ ਆਪਣੇ ਨਜ਼ਦੀਕ ਹੀ ਸਿਹਤ ਸਹੂਲਤਾਂ ਮਿਲਣਗੀਆਂ। ਸ੍ਰੀ ਮਹਿਤਾ ਨੇ ਕਿਹਾ ਕਿ ਨਗਰ ਨਿਗਮ ਦੀ ਟੀਮ ਜਨਤਾ ਦੀਆਂ ਉਮੀਦਾਂ ’ਤੇ ਖਰੀ ਉਤਰਨ ਲਈ ਦਿਨ-ਰਾਤ ਕੰਮ ਕਰ ਰਹੀ ਹੈ ਅਤੇ ਵਿਕਾਸ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੌਰਾਨ ਲੋਕਾਂ ਨੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੇਅਰ ਦਾ ਧੰਨਵਾਦ ਕੀਤਾ। ਮੇਅਰ ਨੇ ਆਖਿਆ ਕਿ ਸ਼ਹਿਰ ਵਿਚ ਵਿਕਾਸ ਕਾਰਜਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਐਮਸੀ ਬਲਜੀਤ ਕੌਰ ਸਿੱਧੂ, ਰਾਜਿੰਦਰ ਸਿੰਘ ਸਿੱਧੂ, ਜਗਤਾਰ ਸਿੰਘ ਖਾਲਸਾ, ਭੋਲਾ ਸਿੰਘ ਮਲੂਕਾ, ਗਿਆਨ ਸਿੰਘ, ਗੁਰਤੇਜ ਸਿੰਘ ਕੰਡਿਆਰਾ, ਗੁਰਭਜਨ ਸਿੰਘ, ਗੁਰਮੇਲ ਸਿੰਘ ਬਰਾੜ, ਗੁਰਤੇਜ ਸਿੰਘ, ਤਰਸੇਮ ਸਿੰਘ, ਪਿਆਰ ਸਿੰਘ, ਰਾਏ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ ਇਲਾਕਾ ਨਿਵਾਸੀ ਮੌਜੂਦ ਸਨ।

