ਵਿਕਾਸ ਲਈ ਪੈਸਿਆਂ ਦੀ ਘਾਟ ਨਹੀਂ ਆਉਣ ਦਿਆਂਗੇ: ਬੁੱਧ ਰਾਮ
ਪਿੰਡ ਕਾਹਨਗੜ੍ਹ ’ਚ ਵਿਕਾਸ ਕਾਰਜਾਂ ਦਾ ਉਦਘਾਟਨ; ਨਵਾਂ ਵਾਟਰ ਵਰਕਸ ਬਣਾਉਣ ਦਾ ਐਲਾਨ
ਆਮ ਆਦਮੀ ਪਾਰਟੀ ਦੇ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਹਲਕੇ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਪਿੰਡ ਕਾਹਨਗੜ੍ਹ ਵਿੱਚ ਪਿਛਲੇ ਇੱਕ ਸਾਲ ਵਿੱਚ 5.54 ਕਰੋੜ ਦੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪਿੰਡਾਂ ਦੇ ਵਿਕਾਸ ਲਈ ਗਰਾਂਟਾਂ ਵੱਡੀ ਪੱਧਰ ’ਤੇ ਜਾਰੀ ਕਰ ਰਹੀ ਹੈ, ਜਿਸ ਨਾਲ ਪਿੰਡਾਂ ਵਿੱਚ ਪਹਿਲੀ ਵਾਰ ਦਿਖ ਰਿਹਾ ਹੈ ਕਿ ਕੰਮ ਹੋ ਰਹੇ ਹਨ। ਉਹ ਪਿੰਡ ਵਿੱਚ ਐਸ ਸੀ ਭਾਈਚਾਰੇ ਦੀ ਧਰਮਸ਼ਾਲਾ ਦੇ ਨਵੀਨੀਕਰਨ ਦੇ ਉਦਘਾਟਨ ਮੌਕੇ ਜੁੜੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਪੈਸਿਆਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਪਿੰਡ ਕਾਹਨਗੜ੍ਹ ਵਿੱਚ ਇੱਕ ਸਾਲ ਦੇ ਵਿੱਚ 3 ਕਰੋੜ 54 ਲੱਖ ਰੁਪਏ ਨਾਲ ਨਵਾਂ ਵਾਟਰ ਵਰਕਸ ਬਣ ਰਿਹਾ ਹੈ ਅਤੇ 35 ਲੱਖ ਨਾਲ ਹੈਲਥ ਐਂਡ ਵੈਲਨੈਸ ਸੈਂਟਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 25 ਲੱਖ ਰੁਪਏ ਨਾਲ ਪੰਚਾਇਤ ਘਰ ਅਤੇ 14.71 ਲੱਖ ਰੁਪਏ ਨਾਲ ਸਟੇਡੀਅਮ, ਜਦੋਂ ਕਿ ਸੀਚੇਵਾਲ ਮਾਡਲ ਲਈ ਵੱਡੀ ਪੱਧਰ ’ਤੇ ਗ੍ਰਾਂਟ ਆਈ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਗਲੀਆਂ, ਨਾਲੀਆਂ ਦੇ ਨਾਲ-ਨਾਲ ਕਰੋੜਾਂ ਰੁਪਏ ਦੇ ਕੰਮ ਹੋ ਰਹੇ ਹਨ। ਇਸ ਮੌਕੇ ਮਾਰਕੀਟ ਕਮੇਟੀ ਬਰੇਟਾ ਦੇ ਚੇਅਰਮੈਨ ਚਮਕੌਰ ਸਿੰਘ, ਕੁਲਵਿੰਦਰ ਸਿੰਘ, ਸਰਪੰਚ ਜਗਸੀਰ ਸਿੰਘ ਜੱਗੀ, ਦਿਲਬਾਗ ਸਿੰਘ ਪੰਚ, ਜਗਤਾਰ ਸਿੰਘ, ਬਿਰਸਾ ਸਿੰਘ ਅਤੇ ਸਮੁੱਚੀ ਪੰਚਾਇਤ ਮੌਜੂਦ ਸੀ।