ਲੈਂਡ ਪੂਲਿੰਗ ਤਹਿਤ ਕਿਸਾਨਾਂ ਨਾਲ ਧੱਕਾ ਨਹੀਂ ਹੋਣ ਦੇਵਾਂਗੇ: ਢਿੱਲੋਂ
ਕਾਂਗਰਸੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਦਿੱਲੀ ਦੇ ਇਸ਼ਾਰੇ ’ਤੇ ਲੈਂਡ ਪੂਲਿੰਗ ਨੀਤੀ ਤਹਿਤ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਐਕੁਆਇਰ ਨਹੀਂ ਹੋਣ ਦਿੱਤੀ ਜਾਵੇਗੀ। ਕਿਸਾਨਾਂ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ੍ਰੀ ਢਿੱਲੋਂ ਨੇ ਹਲਕੇ ਦੇ ਪਿੰਡ ਠੀਕਰੀਵਾਲਾ ਅਤੇ ਬਲਾਕ ਸ਼ਹਿਣਾ ਦੇ ਪਿੰਡ ਪੱਖੋਕੇ ਵਿੱਚ ਇਕੱਤਰਤਾ ਨੂੰ ਸੰਬੋਧਨ ਕੀਤਾ।
ਵਿਧਾਇਕ ਢਿੱਲੋਂ ਨੇ ਕਿਹਾ ਕਿ ਹਰ ਫਰੰਟ ’ਤੇ ਫੇਲ੍ਹ ਸਾਬਤ ਹੋ ਰਹੀ ਸੂਬਾ ਸਰਕਾਰ ਹੁਣ ਪੰਜਾਬ ਦੇ ਕਿਸਾਨਾਂ ਦੀਆਂ ਟੇਢੇ ਟੰਗ ਨਾਲ ਜ਼ਮੀਨਾਂ ਹੜੱਪਣ ਨੂੰ ਪੈ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਪਿੰਡਾਂ ਵਿਚ ਜਾ ਕੇ ‘ਆਪ’ ਦੇ ਵਿਧਾਇਕ ਤੇ ਆਗੂ ਲੋਕਾਂ ਨੂੰ ਝੂਠੇ ਬਿਰਤਾਂਤ ਸਿਰਜ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ ਅਤੇ ਕਿਸੇ ਕਿਸਾਨ ਦੀ ਜ਼ਮੀਨ ਧੱਕੇ ਨਾਲ ਐਕੁਆਇਰ ਨਹੀਂ ਹੋਣ ਦੇਵਾਂਗੇ। ਇਸ ਮੌਕੇ ਯੂਥ ਕਾਂਗਰਸੀ ਆਗੂ ਬਨੀ ਖੈਰਾ, ਮਹੰਤ ਗੁਰਮੀਤ ਸਿੰਘ ਠੀਕਰੀਵਾਲਾ, ਗੁਰਮੇਲ ਸਿੰਘ ਮੌੜ, ਭੋਲਾ ਸਿੰਘ, ਲਖਵੀਰ ਸਿੰਘ, ਹਰਜਿੰਦਰ ਸਿੰਘ ਜਿੰਦਰੀ ਆਦਿ ਹਾਜ਼ਰ ਸਨ।