ਜੋਗਿੰਦਰ ਸਿੰਘ ਮਾਨ
ਮਾਨਸਾ, 30 ਜੂਨ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮਨੁੱਖ ਦੇ ਜੀਵਨ ਲਈ ਗੁਰਬਾਣੀ ਦੀ ਸਿੱਖਿਆ ਦਾ ਵੱਡਾ ਮਹੱਤਵ ਹੈ, ਜਿਸ ਕਰਕੇ ਗੁਰਮਤਿ ਕੈਂਪਾਂ ਰਾਹੀਂ ਬੱਚਿਆਂ ਨੂੰ ਗੁਰਬਾਣੀ ਤੇ ਗੁਰੂ ਇਤਿਹਾਸ ਨਾਲ ਸਹਿਜੇ ਹੀ ਜੋੜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖੀ ਨਾਲ ਜੋੜਨ ਲਈ ਯਤਨ ਕੀਤੇ ਜਾਣਗੇ। ਇਸ ਦੌਰਾਨ ਉਨ੍ਹਾਂ ਬੱਚਿਆਂ ਨੂੰ ਰੋਜ਼ਾਨਾ ਗੁਰਬਾਣੀ, ਨਿਤਨੇਮ ਕਰਨ ਅਤੇ ਸਿੱਖੀ ਵਿੱਚ ਪ੍ਰਪੱਕ ਰਹਿਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਦੁਨੀਆ ਵਿੱਚ ਸਿੱਖ ਧਰਮ ਹੀ ਲੋਕਾਂ ਨੂੰ ਵਹਿਮਾਂ-ਭਰਮਾਂ ’ਚੋਂ ਕੱਢ ਕੇ ਜ਼ਿੰਦਗੀ ਜਿਊਣ ਦਾ ਅਸਲ ਰਾਹ ਦਰਸਾਉਂਦਾ ਹੈ। ਉਹ ਅੱਜ ਮਾਨਸਾ ਨੇੜਲੇ ਪਿੰਡ ਫਫੜੇ ਭਾਈਕੇ ਵਿੱਚ ਗੁਰਮਤਿ ਸਿਖਲਾਈ ਕੈਂਪ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਦੇ ਸਨਮਾਨ ਸਬੰਧੀ ਕਰਵਾਏ ਸਮਾਗਮ ਦੌਰਾਨ ਜੁੜੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਸਮਾਗਮ ਦੌਰਾਨ ਜਥੇਦਾਰ ਦੀ ਪ੍ਰੇਰਨਾ ਨਾਲ ਸੈਂਕੜੇ ਬੱਚਿਆਂ ਨੇ ਕੇਸ ਰੱਖਣ ਦਾ ਪ੍ਰਣ ਕੀਤਾ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਸਿੱਖ ਧਰਮ ਸਬੰਧੀ ਅਨੇਕਾਂ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਹੁਣ ਕਈ ਕਿਸਮ ਦੇ ਉਪਰਾਲੇ ਆਰੰਭੇ ਗਏ ਹਨ, ਜਿਨ੍ਹਾਂ ਕਰਕੇ ਨੌਜਵਾਨ ਪੀੜ੍ਹੀ ਵਿੱਚ ਨਸ਼ਿਆਂ ਦੀ ਅਲਾਮਤ ਘਟਣ ਦੇ ਨਾਲ-ਨਾਲ ਪੜ੍ਹਾਈ ਤੇ ਖੇਡਾਂ ਵਾਲੇ ਪਾਸੇ ਪ੍ਰਪੱਕ ਹੋਣ ਦੇ ਯਤਨਾਂ ਨੂੰ ਵੱਡਾ ਬੂਰ ਪਵੇਗਾ। ਇਸੇ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਗ੍ਰੰਥੀ ਸਿੰਘਾਂ ਨੂੰ ਹਰ ਰੋਜ਼ ਬੱਚਿਆਂ ਦੀਆਂ ਗੁਰਮਤਿ ਕਲਾਸਾਂ ਲਗਾਉਣ ਲਈ ਪ੍ਰੇਰਿਆ। ਉਨ੍ਹਾਂ ਗੁਰਦੁਆਰਾ ਪ੍ਰਬੰਧਕਾਂ ਨੂੰ ਵੀ ਗ੍ਰੰਥੀ ਸਿੰਘਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਮਾਨਸਾ ਜ਼ਿਲ੍ਹੇ ਦੇ ਹਲਕਾ ਜੋਗਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹਲਕੇ ਦੇ 54 ਪਿੰਡਾਂ ਅੰਦਰ 64 ਥਾਵਾਂ ’ਤੇ ਲਗਾਏ ਇਨ੍ਹਾਂ ਗੁਰਮਤਿ ਕੈਂਪਾਂ ਦੌਰਾਨ 3535 ਬੱਚਿਆਂ ਨੇ ਸ਼ਮੂਲੀਅਤ ਕੀਤੀ ਅਤੇ ਵੱਖ-ਵੱਖ ਧਾਰਮਿਕ ਮੁਕਾਬਲਿਆਂ ਵਿਚ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਅੱਜ ਕੈਂਪ ਦੀ ਸਮਾਪਤੀ ਮੌਕੇ 575 ਬੱਚਿਆਂ ਦਾ ਗੁਰਮਤਿ ਸਬੰਧੀ ਲਿਖਤੀ ਪ੍ਰੀਖਿਆ ਵੀ ਲਈ ਗਈ, ਜੋ ਪਿੰਡਾਂ ਵਿਚ ਲੱਗੇ ਗੁਰਮਤਿ ਕੈਂਪਾਂ ਦੌਰਾਨ ਅਵੱਲ ਆਏ ਸਨ। ਸਮਾਗਮ ਦੌਰਾਨ ਲਈ ਗਈ ਧਾਰਮਿਕ ਪ੍ਰੀਖਿਆ ’ਚੋਂ ਅੱਵਲ ਆਏ ਬੱਚਿਆਂ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ, ਜਥੇਦਾਰ ਬਾਬਾ ਟੇਕ ਸਿੰਘ, ਗੁਰਪ੍ਰੀਤ ਸਿੰਘ ਝੱਬਰ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਇਨਾਮ ਵਜੋਂ ਸਾਈਕਲ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਕੈਂਪਾਂ ਦੌਰਾਨ ਭਾਗ ਲੈਣ ਵਾਲੇ ਬੱਚਿਆਂ ਨੂੰ ਵੀ ਤਗ਼ਮੇ, ਸਨਮਾਨ ਪੱਤਰ ਦੇਕੇ ਸਨਮਾਨ ਦਿੱਤਾ ਗਿਆ। ਇਸ ਮੌਕੇ ਗਤਕਾ ਟੀਮਾਂ ਵੱਲੋਂ ਗੱਤਕੇ ਦੇ ਜੌਹਰ ਵੀ ਵਿਖਾਏ। ਇਸ ਮੌਕੇ ਜਤਿੰਦਰ ਸਿੰਘ ਸੋਢੀ, ਹਰਦੇਵ ਸਿੰਘ, ਪ੍ਰਿੰਸੀਪਲ ਜਸਵਿੰਦਰ ਸਿੰਘ, ਪ੍ਰਿੰਸੀਪਲ ਨਰਿੰਦਰ ਸਿੰਘ, ਭੋਲਾ ਸਿੰਘ, ਸਰਬਜੀਤ ਸਿੰਘ ਢੋਟੀਆਂ, ਰਾਜਪਾਲ ਸਿੰਘ ਤੇ ਅਮਰੀਕ ਸਿੰਘ ਡਸਕਾ ਆਦਿ ਮੌਜੂਦ ਸਨ।