ਲੋਕਾਂ ਦੀ ਸੁਰੱਖਿਆ ਲਈ ਸ਼ਹਿਰ ’ਚ ਸਟ੍ਰੀਟ ਲਾਈਟਾਂ ਤੇ ਸੀਸੀਟੀਵੀ ਲਾਵਾਂਗੇ: ਅਮੋਲਕ
ਵਿਧਾਇਕ ਅਮੋਲਕ ਸਿੰਘ ਨੇ ਅੱਜ ਸਥਾਨਕ ਸ਼ਹਿਰ ਦੀਆਂ ਸੜਕਾਂ ਦੇ ਪੁਨਰ ਨਿਰਮਾਣ ਕਾਰਜਾਂ ਦਾ ਰਸਮੀ ਆਗ਼ਾਜ਼ ਇੱਥੇ ਹਸਪਤਾਲ ਰੋਡ ਤੋਂ ਕਰਵਾਇਆ। ਵਿਧਾਇਕ ਨੇ ਇਸ ਇਤਿਹਾਸਕ ਸ਼ਹਿਰ ਨੂੰ ਹਰ ਪਾਸਿਓਂ ਖੂਬਸੂਰਤ ਅਤੇ ਵਿਲੱਖਣ ਬਣਾਉਣਾ ਉਨ੍ਹਾਂ ਦਾ ਚਿਰੋਕਣਾ ਸੁਪਨਾ ਸੀ, ਜੋ ਚੰਦ ਮਹੀਨਿਆਂ ’ਚ ਸਾਕਾਰ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦਹਾਕਿਆਂ ਤੋਂ ਨਾਕਸ ਸੀਵਰੇਜ ਪ੍ਰਬੰਧਾਂ ’ਚ ਸੁਧਾਰ ਲਈ ‘ਆਪ’ ਸਰਕਾਰ ਨੇ ਲਗਭਗ 13 ਕਰੋੜ ਰੁਪਏ ਤੋਂ ਵੱਧ ਖ਼ਰਚ ਕਰਕੇ ਰਾਮਬਾਗ ਨੇੜਲੇ ਡਿਸਪੋਜ਼ਲ ਸੈਂਟਰ ਤੋਂ ਚੰਦਭਾਨ ਬਰਸਾਤੀ ਨਾਲੇ ਤੱਕ ਜ਼ਮੀਨਦੋਜ਼ ਚੌੜੀ ਪਾਈਪ ਪਾਈ ਗਈ ਹੈ, ਜੋ ਅਗਲੇ ਦਿਨੀਂ ਚੱਲਣ ਨਾਲ ਸ਼ਹਿਰ ਦੇ ਸੀਵਰੇਜ ਦੀ ਸਮੱਸਿਆ ਖਤਮ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ 6 ਕਰੋੜ ਦੀ ਲਾਗਤ ਨਾਲ ਸ਼ਹਿਰ ਅੰਦਰ ਵਾਟਰ ਸਪਲਾਈ ਦੀ ਵੱਧ ਸਮਰੱਥਾ ਵਾਲੀਆਂ ਚੌੜੀਆਂ ਪਾਈਪਾਂ ਪਾਈਆਂ ਗਈਆਂ ਹਨ, ਜਿਸ ਨਾਲ ਪੀਣ ਵਾਲੇ ਪਾਣੀ ਦੀ ਸਪਲਾਈ ’ਚ ਸੁਧਾਰ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਅੱਜ ਸੜਕਾਂ ਦੇ ਪੁਨਰ ਨਿਰਮਾਣ ਦਾ ਜੋ ਕੰਮ ਸ਼ੁਰੂ ਕੀਤਾ ਗਿਆ ਹੈ, ਇਸ ਦੇ ਪਹਿਲੇ ਪੜਾਅ ਦੌਰਾਨ ਤਕਰੀਬਨ 3 ਕਰੋੜ ਰੁਪਏ ਖ਼ਰਚ ਕਰਕੇ, ਖਸਤਾ ਹਾਲ ਪ੍ਰੀਮਿਕਸ ਵਾਲੀਆਂ ਸੜਕਾਂ ਦੀ ਜਗ੍ਹਾ 100 ਐੱਮਐੱਮ ਮੋਟਾਈ ਵਾਲੀਆਂ ਇੰਟਰਲਾਕਿੰਗ ਟਾਈਲਾਂ ਨਾਲ ਸੜਕਾਂ ਬਣਾਈਆਂ ਜਾਣਗੀਆਂ। ਉਨ੍ਹਾਂ ਖੁਲਾਸਾ ਕੀਤਾ ਕਿ ਸ਼ਹਿਰ ਦੀ ਸੁਰੱਖਿਆ ਲਈ ਹਾਈ ਪਾਵਰ ਸਟਰੀਟ ਲਾਈਟਾਂ ਅਤੇ ਸੀਸੀਟੀਵੀ ਕੈਮਰੇ ਵੀ ਲਾਏ ਜਾ ਰਹੇ ਹਨ। ਇਸ ਮੌਕੇ ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਭਗਤੂਆਣਾ, ਪੀਏਡੀਬੀ ਦੇ ਚੇਅਰਮੈਨ ਗੋਬਿੰਦਰ ਵਾਲੀਆ, ਨਗਰ ਕੌਂਸਲ ਜੈਤੋ ਦੇ ਪ੍ਰਧਾਨ ਡਾ. ਹਰੀਸ਼ ਚੰਦਰ, ਸੀਨੀਅਰ ਮੀਤ ਪ੍ਰਧਾਨ ਨਰਿੰਦਰ ਪਾਲ ਸਿੰਘ, ‘ਆਪ’ ਦੇ ਸੀਨੀਅਰ ਆਗੂ ਸੱਤ ਪਾਲ ਡੋਡ, ਸੁਖਰੀਤ ਰੋਮਾਣਾ, ਅੰਕੁਸ਼ ਬਾਂਸਲ, ਗੁਰਭੇਜ ਬਰਾੜ, ਅਸ਼ੋਕ ਗਰਗ ਅਤੇ ਹੋਰ ਪਤਵੰਤੇ ਹਾਜ਼ਰ ਸਨ।