ਮੋਘਿਆਂ ’ਤੇ ਲੱਗਣਗੇ ਪਾਣੀ ਮਾਪ ਯੰਤਰ ਤੇ ਸੀਸੀਟੀਵੀ ਕੈਮਰੇ
ਵਿਧਾਇਕ ਨੇ ਮਾਈਨਰ ਟੇਲ ਤੋਂ ਮੌਜਗੜ੍ਹ ਹੈੱਡ ਤੱਕ ਨਿਰੀਖਣ ਕੀਤਾ
ਹਲਕੇ ਵਿਚ ਸਿੰਚਾਈ ਪ੍ਰਣਾਲੀ ਸੁਧਾਰਨ ਲਈ ਡੱਬਵਾਲੀ ਦੇ ਵਿਧਾਇਕ ਅਦਿੱਤਿਆ ਦੇਵੀਲਾਲ ਨੇ ਨਵੀਂ ਪਹਿਲ ਕੀਤੀ ਹੈ। ਚੌਟਾਲਾ ਡਿਸਟ੍ਰੀਬਿਊਟਰੀ (ਮਾਈਨਰ) ਟੇਲ ਤੋਂ ਲੈ ਕੇ ਮੌਜਗੜ੍ਹ ਹੈੱਡ ਤੱਕ ਸਾਰੇ ਮੋਘਿਆਂ ‘ਤੇ ਸੀਸੀਟੀਵੀ ਕੈਮਰੇ ਅਤੇ ਡਿਜੀਟਲ ਫਲੋਅ ਮੀਟਰ (ਪਾਣੀ ਮਾਪ ਯੰਤਰ) ਲਾਏ ਜਾਣਗੇ।
ਵਿਧਾਇਕ ਅਦਿੱਤਿਆ ਦੇਵੀਲਾਲ ਨੇ ਏ.ਆਈ.ਐਮ.ਆਈ.ਐਲ. ਕੰਪਨੀ (ਸਰਿਤਾ ਵਿਹਾਰ, ਨਵੀਂ ਦਿੱਲੀ) ਦੇ ਸੁਪਰਿੰਟੈਂਡੈਂਟ ਇੰਜਨੀਅਰ ਅਤੇ ਸਹਾਇਕ ਅਧਿਕਾਰੀਆਂ ਨਾਲ ਮਾਈਨਰ ਟੇਲ ਤੋਂ ਮੌਜਗੜ੍ਹ ਹੈਡ ਤੱਕ ਲਗਪਗ ਚਾਰ ਘੰਟੇ ਨਹਿਰ ਦਾ ਨਿਰੀਖਣ ਕੀਤਾ। ਇਹ ਕੰਪਨੀ, ਹਿਮਾਚਲ ਅਤੇ ਪੰਜਾਬ ਵਿੱਚ ਨਹਿਰਾਂ ‘ਤੇ ਪਾਣੀ ਮਾਪਣ ਤੇ ਨਿਗਰਾਨੀ ਪ੍ਰਣਾਲੀ ਲਗਾਉਣ ਦੇ ਕਾਰੋਬਾਰ ਨਾਲ ਜੁੜੀ ਹੈ। ਵਿਧਾਇਕ ਨੇ ਕਿਹਾ ਕਿ ਹਰ ਮੋਘੇ ਦੀ ਕਿਸਾਨ ਕਮੇਟੀ ਨੂੰ ਇਸ ਪ੍ਰਣਾਲੀ ਨਾਲ ਜੋੜਿਆ ਜਾਵੇਗਾ, ਤਾਂ ਜੋ ਕਿਸਾਨਾਂ ਨੂੰ ਮੌਕੇ ਦੀ ਪਾਣੀ ਮਾਤਰਾ ਦੀ ਅਸਲੀ ਜਾਣਕਾਰੀ ਤੁਰੰਤ ਮਿਲ ਸਕੇ। ਉਨ੍ਹਾਂ ਮੁਤਾਬਿਕ ਇਹ ਪ੍ਰਣਾਲੀ ਇੰਨੀ ਸਮਰੱਥ ਹੈ ਕਿ ਇਸ ਨਾਲ ਰੀ ਪਾਣੀ ਚੋਰੀ ਜਾਂ ਕਾਣੀ ਵੰਡ ਜਿਹੀਆਂ ਸ਼ਿਕਾਇਤਾਂ ਖੁਦ ਖਤਮ ਹੋ ਜਾਣਗੀਆਂ।
ਵਿਧਾਇਕ ਦੀ ਗੱਡੀ ਅੱਗੇ ਰੱਖੀ ਟੁੱਟੀ ਕੁਰਸੀ
ਨਿਰੀਖਣ ਦੌਰਾਨ ਮੌਜਗੜ੍ਹ ਹੈਡ ’ਤੇ ਹਾਲਤ ਇੰਨੀ ਮਾੜੀ ਸੀ ਵਿਧਾਇਕ ਦੇ ਬੈਠਣ ਲਈ ਨਹਿਰੀ ਵਿਭਾਗ ਨੇ ਉਨ੍ਹਾਂ ਦੀ ਗੱਡੀ ਅੱਗੇ ਇੱਕ ਟੁੱਟੀ ਕੁਰਸੀ ਰੱਖ ਦਿੱਤੀ। ਚਾਰ ਪੈਰ ਡਗਮਗਾਉਣ ਵਾਲੀ ਇਸ ਕੁਰਸੀ ਤੋਂ ਵਿਭਾਗ ਦੀ ਕਾਰਜ ਪ੍ਰਣਾਲੀ ਝਲਕ ਰਹੀ ਸੀ। ਵਿਧਾਇਕ ਨੇ ਮੌਜਗੜ੍ਹ ਹੈਡ ਦੀ ਹਾਲਤ ‘ਤੇ ਨਾਰਾਜ਼ਗੀ ਜਤਾਈ। ਨਹਿਰੀ ਹੈੱਡ ’ਤੇ ਕੋਈ ਅਧਿਕਾਰੀ ਮੌਕੇ ’ਤੇ ਨਹੀਂ ਸੀ। ਸਫਾਈ ਬਦਹਾਲ ਸੀ ਤੇ ਝਾੜੀਆਂ ਉੱਗੀਆਂ ਸਨ। ਵਿਧਾਇਕ ਨੇ ਐਸ.ਡੀ.ਓ. ਨੂੰ ਹਫ਼ਤੇ ਅੰਦਰ ਵਿਵਸਥਾ ਦਰੁਸਤੀ ਦੇ ਨਿਰਦੇਸ਼ ਦਿੱਤੇ।

