DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਘੱਗਰ ’ਚ ਪਾਣੀ ਡੇਢ ਫੁੱਟ ਹੋਰ ਵਧਿਆ

ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਚੌਕਸ ਰਹਿਣ ਦੇ ਹੁਕਮ; ਬੰਨ੍ਹਾਂ ਦੀ ਮਜ਼ਬੂਤੀ ਦਾ ਕੰਮ ਜਾਰੀ
  • fb
  • twitter
  • whatsapp
  • whatsapp
featured-img featured-img
ਮਾਨਸਾ ਨੇੜੇ ਮੀਂਹ ਦੌਰਾਨ ਘੱਗਰ ਦੇ ਬੰਨ੍ਹ ’ਤੇ ਮਿੱਟੀ ਦੀਆਂ ਬੋਰੀਆਂ ਲਾਉਂਦੇ ਹੋਏ ਨੌਜਵਾਨ।
Advertisement

ਮੀਂਹ ਨੇ ਘੱਗਰ ਕਿਨਾਰੇ ਵਸਦੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਮੀਂਹ ਪੈਣ ਕਾਰਨ ਘੱਰ ਵਿਚ ਪਾਣੀ ਡੇਢ ਫੁੱਟ ਹੋਰ ਵਧ ਗਿਆ ਹੈ ਤੇ ਪ੍ਰਸ਼ਾਸਨ ਨੇ ਘੱਗਰ ਕਿਨਾਰੇ ਵਸਦੇ ਲੋਕਾਂ ਨੂੰ ਚੌਕਸ ਕਰ ਦਿੱਤਾ ਹੈ। ਘੱਗਰ ਵਿੱਚ ਪਿੱਛੋਂ ਲਗਾਤਾਰ ਆ ਰਹੇ ਪਾਣੀ ਦੀ ਮਾਰ ਤੋਂ ਬਚਾਉਣ ਲਈ 500 ਤੋਂ ਵੱਧ ਟਰੈਕਟਰ ਬੰਨ੍ਹਾਂ ਦੀ ਮਜ਼ਬੂਤੀ ਲਈ ਦਿਨ-ਰਾਤ ਜੁੱਟੇ ਹੋਏ ਹਨ, ਪਰ ਅੱਜ ਦੇ ਮੀਂਹ ਨੇ ਉਨ੍ਹਾਂ ਦਾ ਕੰਮ ਨਹੀਂ ਚੱਲਣ ਦਿੱਤਾ ਹੈ।

ਇਸ ਦੇ ਨਾਲ ਚਾਂਦਪੁਰਾ ਬੰਨ, ਖਨੌਰੀ ਆਦਿ ਵਿਚ ਪਾਣੀ ਦਾ ਪੱਧਰ ਧੀਮੀ ਗਤੀ ਨਾਲ ਵੱਧਣ ਨੂੰ ਲੈਕੇ ਲੋਕਾਂ ਨੂੰ ਥੋੜ੍ਹਾ ਧਰਵਾਸ ਜ਼ਰੂਰ ਹੈ, ਪਰ ਇਹ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਸੁਖਨਾ ਝੀਲ ਵਿਚੋਂ ਛੱਡੇ ਜਾ ਰਹੇ ਪਾਣੀ ਅਤੇ ਹਰਿਆਣਾ ਦੀਆਂ ਟਾਂਗਰੀ ਅਤੇ ਮਾਰਕੰਡਾ ਵਰਗੀਆਂ ਵੱਡੀਆਂ ਡਰੇਨਾਂ ਦਾ ਬੇਮੁਹਾਰਾ ਪਾਣੀ ਘੱਗਰ ਲਈ ਖਤਰਾ ਖੜ੍ਹਾ ਕਰ ਸਕਦਾ ਹੈ। ਅੱਜ ਪੰਜਾਬ ਵਿੱਚ ਪਏ ਮੋਹਲੇਧਰ ਮੀਂਹਾਂ ਦਾ ਪਾਣੀ ਵੀ ਡਰੇਨਾਂ ਰਾਹੀਂ ਘੱਗਰ ਵਿੱਚ ਹੀ ਡਿੱਗਣਾ ਹੈ, ਜਿਸ ਤੋਂ ਪਾਣੀ ਹੋਰ ਵੱਧਣ ਦਾ ਖਦਸ਼ਾ ਖੜ੍ਹਾ ਹੋਣ ਲੱਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ ਇੰਨੀ ਦਿਨੀਂ ਪਹਾੜਾਂ ਵਿਚ ਵਰਖਾ ਘੱਟ ਹੋਣ ਦੀ ਸੂਚਨਾ ਹੈ, ਪਰ ਇਹ ਚਿੰਤਾ ਵੀ ਜ਼ਰੂਰ ਹੈ ਕਿ ਜੇਕਰ ਮੀਂਹ ਹੋਰ ਥਾਵਾਂ ’ਤੇ ਇਸੇ ਤਰ੍ਹਾਂ ਪੈਂਦਾ ਰਿਹਾ ਤਾਂ ਘੱਗਰ ਲਈ ਖ਼ਤਰਨਾਕ ਸਥਿਤੀ ਬਣ ਸਕਦੀ ਹੈ। ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਘੱਗਰ ਦਾ ਪਾਣੀ ਅਜੇ ਖ਼ਤਰੇ ਦੇ ਨਿਸ਼ਾਨ ਤੋਂ ਥੱਲੇ ਹੈ, ਪਰ ਪਾਣੀ ਵੱਧ ਰਿਹਾ ਹੈ, ਪ੍ਰੰਤੂ ਮੀਂਹ ਠੱਲਦੇ ਹੀ ਇਹ ਪਾਣੀ ਥੱਲੇ ਚਲਾ ਜਾਵੇਗਾ।

Advertisement

ਜ਼ਿਲ੍ਹਾਂ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਿਕਰਮ ਮੋਫ਼ਰ ਨੇ ਕਿਹਾ ਕਿ ਘੱਗਰ ਦਾ ਪਾਣੀ ਖਤਰੇ ਦੇ ਨਿਸ਼ਾਨ ਦੇ ਨੇੜੇ ਜਾ ਰਿਹਾ ਹੈ, ਪਰ ਸਰਕਾਰ ਫਿਰ ਲੋਕਾਂ ਨੂੰ ਝੂਠੀ ਤਸੱਲੀ ਦੇਣ ਵਿਚ ਲੱਗੀ ਹੈ,ਜਦੋਂ ਕਿ ਇਸ ਲਈ ਕੀਤਾ ਕੁੱਝ ਨਹੀਂ ਗਿਆ। ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਘੱਗਰ ਦਰਿਆ ਨੇੜਲੇ ਵਸਦੇ ਪਿੰਡਾਂ ਦੀਆਂ ਪੰਚਾਇਤਾਂ ਤੋਂ ਲੋਕਾਂ ਦੇ ਰਹਿਣ-ਸਹਿਣ ਦਾ ਹਾਲ ਜਾਣਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਲਗਾਤਾਰ ਪਿੰਡਾਂ ਦੀ ਪੁਜੀਸ਼ਨ ਨੂੰ ਸਮਝਦਿਆਂ ਲੋਕਾਂ ਦੀਆਂ ਲੋੜਾਂ ਤੁਰੰਤ ਪੂਰੀਆਂ ਕਰਨ ਦੇ ਨਿਰਦੇਸ਼ ਦਿੱਤੇ ਹਨ।

ਸਿਰਸਾ ’ਚ ਘੱਗਰ ਨੇੜਲੇ ਪਿੰਡਾਂ ’ਚ ਭੈਅ ਦਾ ਮਾਹੌਲ

ਸਿਰਸਾ/ਕਾਲਾਂਵਾਲੀ (ਪ੍ਰਭੂ ਦਿਆਲ/ਭੁਪਿੰਦਰ ਪੰਨੀਵਾਲੀਆ): ਘੱਗਰ ’ਚ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਕਾਰਨ ਕੰਢੇ ਵਸੇ ਪਿੰਡਾਂ ਦੇ ਲੋਕਾਂ ਵਿੱਚ ਭੈਅ ਦਾ ਮਾਹੌਲ ਬਣਿਆ ਹੋਇਆ ਹੈ। ਘੱਗਰ ’ਚ ਵਧ ਰਹੇ ਪਾਣੀ ਦੇ ਪੱਧਰ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ। ਸਿਰਸਾ ਖੇਤਰ ਵਿੱਚੋਂ ਲੰਘਦੇ ਘੱਗਰ ਦੇ ਪਾਣੀ ਦਾ ਪੱਧਰ ਪਿਛਲੇ ਤਿੰਨ ਦਿਨਾਂ ਤੋਂ ਵੱਧ ਰਿਹਾ ਹੈ। ਘੱਗਰ ਦੇ ਕੰਢੇ ਰਹਿਣ ਵਾਲੇ ਪਿੰਡਾਂ ਦੇ ਵਾਸੀ ਪਾਣੀ ਦੇ ਪੱਧਰ ਨੂੰ ਲੈ ਕੇ ਚਿੰਤਤ ਹੋਣ ਲੱਗੇ ਹਨ। ਸਿੰਚਾਈ ਵਿਭਾਗ ਦੀ ਟੀਮ ਦਿਨ-ਰਾਤ ਨਿਗਰਾਨੀ ਕਰ ਰਹੀ ਹੈ, ਜਦੋਂ ਕਿ ਐਸਡੀਐਮ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਬੀਡੀਪੀਓ ਦੀ ਟੀਮ ਵੀ ਰਾਤ ਨੂੰ ਲਗਾਤਾਰ ਮੌਕੇ ਦਾ ਨਿਰੀਖਣ ਕਰ ਰਹੀ ਹੈ ਅਤੇ ਸਥਿਤੀ ਦਾ ਜਾਇਜ਼ਾ ਲੈ ਰਹੀ ਹੈ ਅਤੇ ਠੋਸ ਪ੍ਰਬੰਧਾਂ ਨੂੰ ਯਕੀਨੀ ਬਣਾ ਰਹੀ ਹੈ। ਬੀਤੀ ਰਾਤ ਐਸਡੀਐਮ ਡੱਬਵਾਲੀ ਅਰਪਿਤ ਸੰਗਲ, ਐਸਡੀਐਮ ਐਲਨਾਬਾਦ ਪਾਰਸ ਭਗੋਰੀਆ, ਰਾਣੀਆ ਤਹਿਸੀਲਦਾਰ ਸ਼ੁਭਮ ਸ਼ਰਮਾ, ਨਾਇਬ ਤਹਿਸੀਲਦਾਰ ਸੁਭਾਸ਼, ਬੀਡੀਪੀਓ ਸਟਾਲਿਨ ਸਿਧਾਰਥ ਸਚਦੇਵਾ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਘੱਗਰ ਨਦੀ ਦੇ ਬੰਨ੍ਹਾਂ ਅਤੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਡਿਊਟੀ ’ਤੇ ਮੌਜੂਦ ਅਧਿਕਾਰੀਆਂ ਨੂੰ ਬੰਨ੍ਹਾਂ ਦੀ ਸੁਰੱਖਿਆ ਸਬੰਧੀ ਜ਼ਰੂਰੀ ਨਿਰਦੇਸ਼ ਦਿੱਤੇ। ਵੀਰਵਾਰ ਦੁਪਹਿਰ 2 ਵਜੇ ਤੱਕ ਸਰਦੂਲਗੜ੍ਹ ਪੁਆਇੰਟ ’ਤੇ 40 ਹਜ਼ਾਰ 300 ਕਿਊਸਿਕ ਪਾਣੀ ਵਗ ਰਿਹਾ ਹੈ ਅਤੇ ਓਟੂ ਵੀਅਰ ਵਿੱਚ 21 ਹਜ਼ਾਰ ਕਿਊਸਿਕ ਪਾਣੀ ਹੇਠਾਂ ਵੱਲ ਵਹਿ ਰਿਹਾ ਹੈ। ਭਾਰੀ ਬਾਰਿਸ਼ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ 5 ਅਤੇ 6 ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜੇਕਰ ਮੌਸਮ ਆਮ ਰਿਹਾ ਤਾਂ 8 ਸਤੰਬਰ ਨੂੰ ਸਕੂਲ ਸੁਚਾਰੂ ਢੰਗ ਨਾਲ ਖੁੱਲ੍ਹਣਗੇ। ਡਿਪਟੀ ਕਮਿਸ਼ਨਰ ਸ਼ਾਂਤਨੂ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਨਜ਼ਰ ਰੱਖ ਰਿਹਾ ਹੈ। ਘੱਗਰ ਦੇ ਪਾਣੀ ਦੇ ਪੱਧਰ ਨੂੰ ਲੈ ਕੇ ਬੰਨ੍ਹਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅੱਜ ਕਾਲਾਂਵਾਲੀ ਦੇ ਕਾਂਗਰਸੀ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਆਪਣੇ ਵਿਧਾਨ ਸਭਾ ਹਲਕੇ ਦੇ ਪਿੰਡ ਰੰਗਾ, ਲਹਿੰਗੇਵਾਲਾ ਤੇ ਮੱਤੜ ਆਦਿ ਪਹੁੰਚੇ ਜਿੱਥੇ ਉਨ੍ਹਾਂ ਨੇ ਘੱਗਰ ਦੇ ਬੰਨ੍ਹਾਂ ਦਾ ਨਿਰੀਖਣ ਕੀਤਾ ਅਤੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਘੱਗਰ ਦੇ ਪਾਣੀ ਤੋਂ ਬਚਾਉਣ ਲਈ ਮਿੱਟੀ ਦੇ ਬੰਨ੍ਹ ਬਣਾ ਰਹੇ ਪਿੰਡਾਂ ਦੇ ਲੋਕਾਂ ਤੋਂ ਘੱਗਰ ਨਦੀ ’ਚ ਵਧ ਰਹੇ ਪਾਣੀ ਦੀ ਸਥਿਤੀ ਬਾਰੇ ਪੁੱਛਗਿੱਛ ਕੀਤੀ ਅਤੇ ਮੌਕੇ ’ਤੇ ਹੀ ਡਿਪਟੀ ਕਮਿਸ਼ਨਰ ਸਿਰਸਾ ਨਾਲ ਫੋਨ ’ਤੇ ਸੰਪਰਕ ਕਰਕੇ ਉਨ੍ਹਾਂ ਨੂੰ ਟਰੈਕਟਰ, ਟਰਾਲੀਆਂ ਅਤੇ ਜੇ.ਸੀ.ਬੀ. ਆਦਿ ਨਾਲ ਪਿੰਡਾਂ ਦੇ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ। ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਮੀਂਹ ਨਾਲ ਪ੍ਰਭਾਵਿਤ ਪਿੰਡਾਂ ਦੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

ਮੀਂਹ ਕਾਰਨ ਹਿਸਾਰ ਘੱਗਰ ਡਰੇਨ ਚੌਪਟਾ ਵਿੱਚ ਓਵਰਫਲੋਅ

ਸਿਰਸਾ (ਪ੍ਰਭੂ ਦਿਆਲ): ਜ਼ਿਲ੍ਹੇ ਵਿੱਚ ਅੱਜ ਨੂੰ ਭਾਰੀ ਮੀਂਹ ਪਿਆ। ਕਈ ਇਲਾਕਿਆਂ ਵਿੱਚ ਹਾਲਾਤ ਹੜ੍ਹ ਵਰਗੇ ਹੋ ਗਏ ਹਨ। ਮੀਂਹ ਕਾਰਨ ਕਪਾਹ, ਝੋਨੇ, ਮੂੰਗੀ, ਗੁਆਰ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਕਈ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ। ਇਸ ਕਾਰਨ ਕਈ ਘਰਾਂ ਵਿੱਚ ਤਰੇੜਾਂ ਆ ਗਈਆਂ ਹਨ। ਜ਼ਿਲ੍ਹਾ ਦੇ ਚੋਪਟਾ ਇਲਾਕੇ ਦੇ ਕਈ ਸਕੂਲਾਂ ਦੇ ਅਹਾਤਿਆਂ ਵਿੱਚ ਪਾਣੀ ਭਰ ਗਿਆ ਹੈ। ਭਾਰੀ ਮੀਂਹ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਸਕੂਲਾਂ ਵਿੱਚ ਦੋ ਦਿਨਾਂ ਦੀ ਛੁੱਟੀ ਦਾ ਐਲਾਨ ਕੀਤਾ ਹੈ। ਸਿਰਸਾ ਵਿੱਚ 52 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਿਸ ਕਾਰਨ ਸ਼ਹਿਰ ਇੱਕ ਟਾਪੂ ਵਿੱਚ ਬਦਲ ਗਿਆ। ਸੀਵਰੇਜ ਓਵਰਫਲੋਅ ਹੋ ਗਿਆ ਅਤੇ ਪਾਣੀ ਨੀਵੇਂ ਇਲਾਕਿਆਂ ਵਿੱਚ ਦਾਖਲ ਹੋ ਗਿਆ। ਸਿਰਸਾ ਦੇ ਵਿਧਾਇਕ ਗੋਕੁਲ ਸੇਤੀਆ ਖੁਦ ਕਰਮਚਾਰੀਆਂ ਨਾਲ ਬਾਜ਼ਾਰਾਂ ਵਿੱਚ ਪਹੁੰਚੇ ਅਤੇ ਮੀਂਹ ਦੇ ਪਾਣੀ ਦੀ ਨਿਕਾਸੀ ਕਰਵਾਈ। ਇਸ ਦੇ ਨਾਲ ਹੀ ਸਕੂਲੀ ਬੱਚਿਆਂ ਨੂੰ ਸਕੂਲ ਤੋਂ ਬਾਅਦ ਘਰ ਜਾਣ ਵਿੱਚ ਸਭ ਤੋਂ ਵੱਧ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਅੱਜ ਭਾਰੀ ਮੀਂਹ ਕਾਰਨ ਸ਼ਹਿਰ ਦੇ ਦੋ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਜਿਸ ਕਾਰਨ ਘਰ ਦੇ ਮਾਲਕ ਨੂੰ ਆਰਥਿਕ ਨੁਕਸਾਨ ਝੱਲਣਾ ਪਿਆ। ਦੂਜੇ ਪਾਸੇ ਹਿਸਾਰ ਘੱਗਰ ਡਰੇਨ ਚੌਪਟਾ ਵਿੱਚ ਓਵਰਫਲੋਅ ਹੋ ਗਈ। ਸੂਚਨਾ ਮਿਲਣ ’ਤੇ ਪਿੰਡ ਵਾਸੀ ਮੌਕੇ ’ਤੇ ਪਹੁੰਚ ਗਏ। ਪਿੰਡ ਵਾਸੀਆਂ ਨੇ ਮੁਸਤੈਦੀ ਦਿਖਾਈ ਅਤੇ ਸੇਮਨਾਲਾ ਵਿੱਚ ਪਏ ਪਾੜ ਨੂੰ ਪੂਰ ਦਿੱਤਾ। ਇਸ ਤੋਂ ਬਾਅਦ ਮਨਰੇਗਾ ਵਰਕਰਾਂ ਨੇ ਮਿੱਟੀ ਦੀਆਂ ਬੋਰੀਆਂ ਪਾ ਕੇ ਇਸਨੂੰ ਮਜ਼ਬੂਤ ਕੀਤਾ। ਇਸ ਦੇ ਨਾਲ ਹੀ ਪਿੰਡ ਵਾਸੀ ਟਰੈਕਟਰ ਟਰਾਲੀ ਨਾਲ ਮਿੱਟੀ ਪਾਉਣ ਦਾ ਕੰਮ ਕਰ ਰਹੇ ਹਨ। ਸੇਮਨਾਲਾ ਵਿੱਚ ਓਵਰਫਲੋਅ ਹੋਣ ਦੀ ਸੂਚਨਾ ਮਿਲਣ ’ਤੇ ਬੀਡੀਪੀਓ ਡਾ. ਸਟਾਲਿਨ ਸਿਧਾਰਥ ਸਚਦੇਵਾ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲਿਆ।

Advertisement
×