ਭਦੌੜ ਦੇ ਹਸਪਤਾਲ ਤੇ ਸਬ-ਤਹਿਸੀਲ ਦਫ਼ਤਰ ’ਚ ਭਰਿਆ ਪਾਣੀ
ਭਦੌੜ ਵਿੱਚ ਭਾਰੀ ਮੀਂਹ ਕਾਰਨ ਇੱਥੋਂ ਦੇ ਸਾਰੇ ਛੱਪੜ ਓਵਰਫਲੋਅ ਹੋ ਗਏ ਹਨ ਜਿਸ ਕਾਰਨ ਪਾਣੀ ਸੜਕਾਂ ਉੱਪਰ ਫਿਰ ਰਿਹਾ ਹੈ ਅਤੇ ਪਾਣੀ ਲੋਕਾਂ ਦੇ ਘਰਾਂ ਵਿੱਚ ਜਾ ਰਿਹਾ ਹੈ। ਇਸ ਦਾ ਮੁੱਖ ਕਾਰਨ ਛੱਪੜਾਂ ’ਤੇ ਨਾਜਾਇਜ਼ ਕਬਜ਼ੇ ਦੱਸੇ ਜਾ ਰਹੇ ਹਨ।
ਭਦੌੜ ਦੇ ਸਿਵਲ ਹਸਪਤਾਲ ਵਿੱਚ ਤਕਰੀਬਨ ਤਿੰਨ ਤੋਂ ਚਾਰ ਫੁੱਟ ਪਾਣੀ ਭਰ ਗਿਆ ਹੈ ਜਿਸ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਮਰਜੈਂਸੀ ਵਾਰਡ, ਜਨਰਲ ਵਾਰਡ, ਅਪਰੇਸ਼ਨ ਰੂਮ ਤੇ ਸਟਾਫ ਨਰਸ ਰੂਮ ਪਾਣੀ ਨਾਲ ਜਲ-ਥਲ ਹੋ ਚੁੱਕੇ ਹਨ।
ਸਬ-ਤਹਿਸੀਲ ਭਦੌੜ ਵਿੱਚ ਵੀ ਪਾਣੀ ਤਕਰੀਬਨ ਤਿੰਨ ਤੋਂ ਚਾਰ ਫੁੱਟ ਫਿਰ ਰਿਹਾ ਹੈ। ਇਥੇ ਕੰਮ ਕਰਨ ਵਾਲਾ ਸਟਾਫ ਵੀ ਅੱਜ ਘਰੋਂ ਮੋਟਰਸਾਈਕਲ-ਕਾਰਾਂ ’ਤੇ ਨਹੀਂ ਬਲਕਿ ਟਰੈਕਟਰਾਂ ’ਤੇ ਚੜ੍ਹ ਕੇ ਪਹੁੰਚਿਆ ਹੈ। ਪਾਣੀ ਕਾਰਨ ਭਦੌੜ ਸਬ-ਤਹਿਸੀਲ ਅਤੇ ਫਰਦ ਕੇਂਦਰ ਵਿੱਚ ਪਿਆ ਰਿਕਾਰਡ ਵੀ ਪਾਣੀ ਨਾਲ ਖ਼ਰਾਬ ਹੋਣ ਦਾ ਖਦਸ਼ਾ ਹੈ। ਤਹਿਸੀਲ ਵਿੱਚ ਦੁਕਾਨਾਂ ਕਰਨ ਵਾਲੇ ਕੰਪਿਊਟਰ ਅਪਰੇਟਰ ਅਤੇ ਵਕੀਲਾਂ ਦੇ ਕੰਪਿਊਟਰ ਪਾਣੀ ਨਾਲ ਖਰਾਬ ਹੋ ਚੁੱਕੇ ਹਨ। ਵਸੀਕਾ ਨਵੀਸ ਰਾਮ ਸਿੰਘ ਮੌੜ, ਕੁਲਦੀਪ ਸਿੰਘ ਕਾਲਾ, ਐਡਵੋਕੇਟ ਕੀਰਤ ਸਿੰਗਲਾ, ਬਿੱਟੂ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤਹਿਸੀਲ ਨੂੰ ਉੱਚਾ ਕਰ ਕੇ ਬਣਾਇਆ ਜਾਵੇ ਤਾਂ ਜੋ ਲੋਕਾਂ ਦਾ ਰਿਕਾਰਡ ਖ਼ਰਾਬ ਨਾ ਹੋਵੇ ਅਤੇ ਮੁਲਾਜ਼ਮਾਂ ਨੂੰ ਵੀ ਦਿੱਕਤ ਨਾ ਹੋਵੇ।