ਲੰਬੀ ਮਾਈਨਰ ਵਿੱਚ ਪਾੜ ਕਾਰਨ ਖੇਤਾਂ ’ਚ ਭਰਿਆ ਪਾਣੀ
ਪੰਕਜ ਕੁਮਾਰ
ਅਬੋਹਰ, 3 ਮਈ
ਪਿੰਡ ਬਜੀਤਪੁਰ ਭੋਮਾ ਵਿੱਚ ਅੱਜ ਸਵੇਰੇ ਲੰਬੀ ਮਾਈਨਰ ਵਿੱਚ ਲਗਪਗ 100 ਫੁੱਟ ਚੌੜਾ ਪਾੜ ਪੈਣ ਕਾਰਨ ਸੈਂਕੜੇ ਏਕੜ ਜ਼ਮੀਨ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਕਿਸਾਨਾਂ ਦੀ ਤੂੜੀ ਤੇ ਤੂੜੀ ਬਣਾਉਣ ਲਈ ਖੜ੍ਹੀ ਨਾੜ ਦਾ ਨੁਕਸਾਨ ਹੋ ਗਿਆ। ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਿਸਾਨ ਸੁਖਮੰਦਰ ਸਿੰਘ ਅਤੇ ਸਰਪੰਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 5 ਵਜੇ ਦੇ ਕਰੀਬ ਸਰਪੰਚ ਜਸਵਿੰਦਰ ਸਿੰਘ ਦੇ ਖੇਤ ਨੇੜੇ ਇੱਕ ਪਿੱਪਲ ਦਾ ਦਰੱਖਤ ਡਿੱਗ ਪਿਆ, ਜਿਸ ਕਾਰਨ ਨਹਿਰ ਵਿੱਚ ਪਾੜ ਪੈ ਗਿਆ। ਇਹ ਪਾੜ ਲਗਪਗ 100 ਫੁੱਟ ਤੱਕ ਵੱਧ ਗਿਆ ਅਤੇ ਨਹਿਰ ਦਾ ਪਾਣੀ ਨੇੜਲੇ ਸੈਂਕੜੇ ਏਕੜ ਜ਼ਮੀਨ ਵਿੱਚ ਦਾਖਲ ਹੋ ਗਿਆ। ਸਰਪੰਚ ਦੇ ਖੇਤ ਵਿੱਚ ਪਈ ਪਰਾਲੀ ਦੀਆਂ ਲਗਭਗ 70-80 ਟਰਾਲੀ ਤੂੜੀ ਪਾਣੀ ਵਿੱਚ ਵਹਿ ਗਈ ਜਦਕਿ ਇੱਕ ਹੋਰ ਕਿਸਾਨ ਵੱਲੋਂ ਪਰਾਲੀ ਬਣਾਉਣ ਲਈ ਰੱਖੀ ਗਈ ਲਗਪਗ 40 ਕਿੱਲੇ ਵਿੱਚ ਕਣਕ ਦੀ ਨਾੜ ਪਾਣੀ ਵਿੱਚ ਡੁੱਗ ਗਈ। ਕਿਸਾਨਾਂ ਨੇ ਦੱਸਿਆ ਕਿ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਥੋੜ੍ਹੀ ਦੂਰੀ ’ਤੇ ਸਥਿਤ ਢਾਣੀ ਰਣਧੀਰ ਸਿੰਘ ਵੀ ਡੁੱਬਣ ਦੇ ਕੰਢੇ ਪਹੁੰਚ ਗਈ ਅਤੇ ਇਸ ਦੇ ਆਲੇ-ਦੁਆਲੇ ਪਾਣੀ ਇਕੱਠਾ ਹੋ ਗਿਆ। ਆਸ-ਪਾਸ ਦੇ ਕਿਸਾਨਾਂ ਨੇ ਇਸ ਬਾਰੇ ਨਹਿਰੀ ਵਿਭਾਗ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਵਿਭਾਗ ਨੇ ਨਹਿਰ ਨੂੰ ਪਿੱਛੇ ਤੋਂ ਬੰਦ ਕਰ ਦਿੱਤਾ ਪਰ ਨਹਿਰ ਦਾ ਵਹਾਅ ਲਗਪਗ 10 ਵਜੇ ਤੱਕ ਜਾਰੀ ਰਿਹਾ। ਸੂਚਨਾ ਮਿਲਦੇ ਹੀ ਵਿਭਾਗ ਦੇ ਜੇਈ ਅਤੇ ਬੇਲਦਾਰ ਮੌਕੇ ’ਤੇ ਪਹੁੰਚੇ ਅਤੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਪਾੜ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ।