ਪਾਣੀ ਦੀ ਨਿਕਾਸੀ ਦੀ ਸਮੱਸਿਆ: ਕੋਟਕਪੂਰਾ ’ਚ ਲੱਗੇ ‘ਕਾਲੇ ਪਾਣੀ ’ਚ ਤੁਹਾਡਾ ਸਵਾਗਤ ਹੈ’ ਦੇ ਬੈਨਰ
ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦੁਖੀ ਹੋਏ ਮੁਹੱਲਾ ਵਾਸੀਆਂ ਨੇ ਆਪਣੀ ਗਲੀ ਦੇ ਬਾਹਰ ‘ਕਾਲੇ ਪਾਣੀ ਵਿੱਚ ਤੁਹਾਡਾ ਸਵਾਗਤ ਹੈ’ ਲਿਖ ਕੇ ਬੋਰਡ ਲਾ ਦਿੱਤਾ ਹੈ। ਇਸ ਬੋਰਡ ਉਪਰ ਹਲਕੇ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਦਾ ਵੀ ਨਾਮ ਲਿਖਿਆ ਹੋਇਆ ਹੈ। 14ਵੇਂ ਦਿਨ ਵੀ ਸ਼ਹਿਰ ਦੀਆਂ ਕਈ ਗਲੀਆਂ ਅਤੇ ਸੜਕਾਂ ’ਤੇ ਨਿਕਾਸੀ ਪਾਣੀ ਖੜ੍ਹਾ ਹੈ ਅਤੇ ਇਹ ਸੀਵਰੇਜ ਸਮੇਤ ਨਾਲੀਆਂ ’ਚੋਂ ਉੱਛਲ ਕੇ ਕਾਲਾ ਪਾਣੀ ਬਣਿਆ ਹੋਇਆ ਹੈ।
ਬੱਸ ਸਟੈਂਡ ਦੇ ਸਾਹਮਣੇ ਪੁਰਾਣੇ ਕਿਲੇ ਨੂੰ ਜਾਂਦੀ ਸੜਕ ’ਤੇ ਪੈਂਦੇ ਮੁਹੱਲੇ ਦੇ ਵਸਨੀਕ ਜਸਵਿੰਦਰ ਸਿੰਘ ਬਰਾੜ ਸੇਵਾਮੁਕਤ ਪੇਂਡੂ ਵਿਕਾਸ ਅਫਸਰ ਅਤੇ ਰੋਮ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਗਲੀ ਸਣੇ ਬੱਸ ਸਟੈਂਡ ਦੇ ਸਾਹਮਣੇ ਜੌੜੀਆਂ ਚੱਕੀਆਂ ਅਤੇ ਦੁਗਰਾ ਮੰਦਰ ਨੂੰ ਜਾਣ ਵਾਲੀਆਂ ਦੋਵੇਂ ਗਲੀਆਂ ਦਾ ਬੁਰਾ ਹਾਲ ਹੈ। ਉਨ੍ਹਾਂ ਦੱਸਿਆ ਕਿ ਸਿਰਫ 10 ਮਿੰਟ ਬਾਰਿਸ਼ ਹੋਣ ਨਾਲ ਉਨ੍ਹਾਂ ਦੀਆਂ ਗਲੀਆਂ ਵਿਚੋਂ ਹਫਤਾ ਭਰ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਅਤੇ ਗਲੀਆਂ ਵਿੱਚ ਫੁੱਟ ਫੁੱਟ ਪਾਣੀ ਚੜ੍ਹ ਜਾਂਦਾ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਸੀਵਰੇਜ ਅਤੇ ਨਾਲੀਆਂ ਦਾ ਪਾਣੀ ਇਨ੍ਹਾਂ ਨਾਲ ਰਲਣ ਕਰ ਕੇ ਸੜਕਾਂ ਉਪਰ ਕਾਲਾ ਪਾਣੀ ਜਮ੍ਹਾਂ ਜੋ ਜਾਂਦਾ ਹੈ ਅਤੇ ਲਗਾਤਾਰ ਬਦਬੂ ਮਰਦਾ ਹੈ। ਉਨ੍ਹਾਂ ਦੱਸਿਆ ਕਿ ਪਾਣੀ ਕਰਕੇ ਇਲਾਕੇ ਦੀਆਂ ਦੁਕਾਨਾਂ ਦੇ ਨਾਲ ਨਾਲ ਰੇਹੜੀਆਂ ਲਾਉਣ ਵਾਲੇ ਵੀ ਪ੍ਰੇਸ਼ਾਨ ਹੋ ਰਹੇ ਹਨ ਅਤੇ ਉਨ੍ਹਾਂ ਦਾ ਕਾਰੋਬਾਰ ਖਤਮ ਹੋ ਰਿਹਾ ਹੈ ਪਰ ਉਨ੍ਹਾਂ ਦੀ ਮੁਸ਼ਕਿਲ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਦੱਸਿਆ ਕਿ ਦੁਖੀ ਹੋਕੇ ਉਨ੍ਹਾਂ ਨੂੰ ਇਹ ਬੋਰਡ ਲਾਉਣਾ ਪਿਆ ਹੈ ਕਿ ਸ਼ਾਇਦ ਇਸ ਨੂੰ ਦੇਖ ਕੇ ਕਿਸੇ ਅਧਿਕਾਰੀ ਦੇ ਮਨ ਮੇਹਰ ਪੈ ਜਾਵੇ।
ਡਰੇਨ ਪੁਰਾਣੀ ਹੋਣ ਕਾਰਨ ਆਈ ਸਮੱਸਿਆ: ਕੌਂਸਲ ਪ੍ਰਧਾਨ
ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਕਿਹਾ ਕਿ ਜਦੋਂ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਤਾਂ ਫਿਰ ਸਿਆਸਤ ਵੀ ਹੋਣ ਲੱਗ ਪੈਂਦੀ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਕਿਲੇ ਵਾਲਾ ਹਿੱਸਾ ਉੱਚਾ ਹੈ ਅਤੇ ਇਸ ਦਾ ਪਾਣੀ ਬੱਸ ਸਟੈਂਡ ਵਾਲੇ ਪਾਸੇ ਨੂੰ ਆਉਂਦਾ ਹੈ। ਹਾਲਾਤ ਇਹ ਹਨ ਕਿ ਡਰੇਨ ਪੁਰਾਣੀ ਹੈ ਅਤੇ ਪਾਣੀ ਉਸ ਦੀ ਸਮਰੱਥਾ ਤੋਂ ਵੱਧ ਆਉਂਦਾ ਹੈ ਜਿਸ ਕਾਰਨ ਇਹ ਮੁਸ਼ਕਿਲ ਬਣੀ ਹੋਈ ਹੈ।