ਯੁੱਧ ਨਸ਼ਿਆਂ ਵਿਰੁੱਧ: ਪੁਲੀਸ ਨੇ ਸ਼ੱਕੀ ਥਾਵਾਂ ’ਤੇ ਤਲਾਸ਼ੀ ਲਈ
ਜੋਗਿੰਦਰ ਸਿੰਘ ਮਾਨ
ਮਾਨਸਾ, 18 ਜੂਨ
ਮਾਨਸਾ ਪੁਲੀਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ਅਤੇ ਸ਼ੱਕੀ ਵਿਅਕਤੀਆਂ ਖ਼ਿਲਾਫ਼ ਸਰਚ ਅਪਰੇਸ਼ਨ ਚਲਾਇਆ ਗਿਆ, ਜਿਸ ਦੌਰਾਨ 6 ਵਿਅਕਤੀਆਂ ਨੂੰ 6 ਗ੍ਰਾਮ ਹੈਰੋਇਨ, 365 ਨਸ਼ੀਲੇ ਕੈਪਸੂਲ ਸਣੇ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ।
ਮਾਨਸਾ ਦੇ ਸੀਨੀਅਰ ਪੁਲੀਸ ਕਪਤਾਨ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸਖ਼ਤ ਨੀਤੀ ਅਪਣਾਈ ਗਈ ਹੈ, ਜਿਸ ਤਹਿਤ ਜਿਲ੍ਹੇ ਦੇ ਵੱਖ-ਵੱਖ ਥਾਣਿਆਂ ਦੀਆਂ ਨਸ਼ਾ ਪ੍ਰਭਾਵਤ ਖੇਤਰਾਂ ਦੀ ਅਸਰਦਾਰ ਢੰਗ ਨਾਲ ਨਾਕਾ ਲਾ ਕੇ ਤਲਾਸ਼ੀ ਲਈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 15 ਪੁਲੀਸ ਪਾਰਟੀਆਂ, ਜਿਨ੍ਹਾਂ ਵਿੱਚ ਇੱਕ ਐੱਸਪੀ, ਪੰਜ ਡੀਐੱਸਪੀ, 12 ਥਾਣਾ ਮੁਖੀ, ਇੰਚਾਰਜ ਸੀਆਈਏ ਸਟਾਫ ਮਾਨਸਾ, ਇੰਚਾਰਜ ਐਟੀਨਾਰੋਟਿਕ ਸੈੱਲ ਸਟਾਫ ਮਾਨਸਾ ਦੇ ਕੁੱਲ 312 ਪੁਲੀਸ ਕਰਮਚਾਰੀਆ ਨੇ ਭਾਗ ਲਿਆ।
ਐੱਸਐੱਸਪੀ ਮੀਨਾ ਨੇ ਦੱਸਿਆ ਕਿ ਇਸ ਅਪਰੇਸ਼ਨ ਦੌਰਾਨ ਜਿਲ੍ਹਾ ਦੇ ਅੰਦਰ 15 ਸ਼ੱਕੀ ਥਾਵਾਂ ’ਤੇ ਸਰਚ ਕਰਕੇ 111 ਸ਼ੱਕੀ ਵਿਅਕਤੀਆਂ ਅਤੇ 104 ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਦੌਰਾਨ ਛੇ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਵਿਰੁੱਧ ਐੱਨਡੀਪੀਐੱਸ ਐਕਟ ਅਤੇ ਬੀਐੱਨਐੱਸ ਤਹਿਤ 6 ਮੁਕੱਦਮੇ ਦਰਜ ਕਰਕੇ 6 ਗ੍ਰਾਮ ਹੈਰੋਇਨ, 365 ਕੈਪਸੂਲ ਸਿਗਨੇਚਰ ਦੀ ਬਰਾਮਦਗੀ ਕੀਤੀ ਗਈ। ਉਨ੍ਹਾਂ ਕਿਹਾ ਕਿ ਮਾਨਸਾ ਪੁਲੀਸ ਵੱਲੋਂ ਵਿੱਢੀ ਮੁਹਿੰਮ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ।