ਜ਼ਿਲ੍ਹਾ ਪੁਲੀਸ ਨੇ ਅੱਜ ਫਰੀਦਕੋਟ ਦੇ ਅੱਠ ਰਿਹਾਇਸ਼ੀ ਇਲਾਕਿਆਂ ਵਿੱਚ ਅਚਾਨਕ ਛਾਪੇ ਮਾਰ ਕੇ ਤਲਾਸ਼ੀ ਲਈ। ਇਸ ਮੁਹਿੰਮ ਦੀ ਅਗਵਾਈ ਫਰੀਦਕੋਟ ਦੇ ਡੀਆਈਜੀ ਅਸ਼ਵਨੀ ਕਪੂਰ ਨੇ ਕੀਤੀ। ਜ਼ਿਲ੍ਹਾ ਪੁਲੀਸ ਮੁਖੀ ਪ੍ਰੱਗਿਆ ਜੈਨ ਨੇ ਦੱਸਿਆ ਕਿ ਇਸ ਤਲਾਸ਼ੀ ਮੁਹਿੰਮ ਦੌਰਾਨ ਨੌਂ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿੰਨਾਂ ਕੋਲੋਂ ਮਾਰੂ ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਤਲਾਸ਼ੀ ਮੁਹਿੰਮ ਵਿੱਚ 200 ਤੋਂ ਵੱਧ ਪੁਲੀਸ ਮੁਲਾਜ਼ਮ ਅਤੇ ਵਿਭਾਗ ਦੇ ਹੋਰ ਉੱਚ ਅਧਿਕਾਰੀ ਸ਼ਾਮਲ ਸਨ। ਫਰੀਦਕੋਟ ਪੁਲੀਸ ਹੁਣ ਤੱਕ 751 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਦੇ ਤਸਕਰੀ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕਰ ਚੁੱਕੀ ਹੈ। ਨਸ਼ਾ ਤਸਕਰੀ ਸਬੰਧੀ ਫਰੀਦਕੋਟ ਜ਼ਿਲ੍ਹੇ ਵਿੱਚ ਹੁਣ ਤੱਕ 470 ਕੇਸ ਦਰਜ ਕੀਤੇ ਹਨ।
ਬਠਿੰਡਾ (ਮਨੋਜ ਸ਼ਰਮਾ): ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਅਤੇ ਐੱਸਐੱਸਪੀ ਅਮਨੀਤ ਕੌਂਡਲ ਦੀ ਅਗਵਾਈ ਹੇਠ ਅੱਜ ਜ਼ਿਲ੍ਹੇ ਦੇ ਹੌਟਸਪੋਟ ਇਲਾਕਿਆਂ ਵਿੱਚ ਨਸ਼ਿਆ ਵਿਰੁੱਧ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਮੌਕੇ ਡੀਆਈਜੀ ਹਰਜੀਤ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਜ਼ਿਲ੍ਹੇ ਅੰਦਰ ਕਾਨੂੰਨ-ਵਿਵਸਥਾ ਨੂੰ ਬਰਕਰਾਰ ਰੱਖਣਾ ਹੈ ਤਾਂ ਜੋ ਨਸ਼ਾ ਤਸਕਰਾਂ ਤੇ ਮਾੜੇ ਅਨਸਰਾਂ ’ਤੇ ਨੱਥ ਪਾਈ ਜਾ ਸਕੇ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਬਠਿੰਡਾ ਪੁਲਿਸ ਸੁਰੱਖਿਆ ਅਤੇ ਨਸ਼ਾ ਮੁਕਤ ਸਮਾਜ ਲਈ ਵਚਨਬੱਧ ਹੈ।
ਨਸ਼ੀਲੇ ਪਦਾਰਥਾਂ ਸਣੇ 12 ਕਾਬੂ
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਨਸਾ ਪੁਲੀਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮਾਨਸਾ ਜ਼ਿਲ੍ਹੇ ਦੀਆਂ ਸ਼ੱਕੀ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ 12 ਵਿਅਕਤੀਆਂ ਕੋਲੋਂ 25 ਗ੍ਰਾਮ ਹੈਰੋਇਨ, 50 ਨਸ਼ੀਲੀਆਂ ਗੋਲੀਆਂ ਅਤੇ 40 ਬੋਤਲਾਂ ਸ਼ਰਾਬ ਦੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਸੀਨੀਅਰ ਪੁਲੀਸ ਕਪਤਾਨ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਇਸ ਸਰਚ ਅਭਿਆਨ ਵਿੱਚ ਪੁਲੀਸ ਨੇ ਰਾਜਪ੍ਰੀਤ ਸਿੰਘ ਵਾਸੀ ਲਹਿਰੀ ਬਠਿੰਡਾ ਪਾਸੋਂ ਗਸ਼ਤ ਦੌਰਾਨ 25 ਗ੍ਰਾਮ ਹੈਰੋਇਨ, ਅਜੈਬ ਸਿੰਘ ਵਾਸੀ ਬੱਛੋਆਣਾ ਕੋਲੋ 50 ਨਸ਼ੀਲੀਆਂ ਗੋਲੀਆਂ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ ਵਾਸੀ ਜੋਗਾ ਦਾ ਡੋਪ ਟੈਸਟ ਪਾਜ਼ੀਟਿਵ ਆਉਣ ’ਤੇ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਹੈ।