ਸੀਆਈਏ ਸਟਾਫ਼ ਜੈਤੋ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ, ਨਸ਼ੇ ਦੀ ਤਸਕਰੀ ਵਿੱਚ ਸ਼ਾਮਲ 1 ਮੁਲਜ਼ਮ ਨੂੰ 1.54 ਕੁਇੰਟਲ ਭੁੱਕੀ ਡੋਡੇ ਪੋਸਤ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਡੀਐੱਸਪੀ ਸਬ-ਡਿਵੀਜ਼ਨ ਜੈਤੋ ਮਨੋਜ ਕੁਮਾਰ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਸੋਹਣਜੀਤ ਸਿੰਘ ਉਰਫ ਹੀਰਾ ਵਜੋਂ ਹੋਈ ਹੈ ਅਤੇ ਉਹ ਬਠਿੰਡਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮਾਂ ਵੱਲੋਂ ਮੁਲਜ਼ਮ ਕੋਲੋਂ ਨਸ਼ੇ ਦੀ ਤਸਕਰੀ ਲਈ ਵਰਤੀ ਜਾ ਰਹੀ ਸਵਿਫ਼ਟ ਡਿਜ਼ਾਇਰ ਕਾਰ ਵੀ ਕਬਜ਼ੇ ਵਿੱਚ ਲਈ ਗਈ ਹੈ। ਉਨ੍ਹਾਂ ਵਿਸਥਾਰ ’ਚ ਦੱਸਿਆ ਕਿ ਸੀਆਈਏ ਇੰਚਾਰਜ ਗੁਰਲਾਲ ਸਿੰਘ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੂੰ ਗਸ਼ਤ ਦੌਰਾਨ ਮੁਲਜ਼ਮ ਬਾਰੇ ਜਾਣਕਾਰੀ ਮਿਲੀ, ਤਾਂ ਉਸ ਨੂੰ ਰੋਕਿਆ ਗਿਆ। ਡੀਐੱਸਪੀ ਮਨੋਜ ਕੁਮਾਰ ਨੇ ਦੱਸਿਆ ਕਿ ਪਤਾ ਲੱਗਣ ’ਤੇ ਗੱਡੀ ਦੀ ਤਲਾਸ਼ੀ ਕਰਾਉਣ ਲਈ ਉਹ ਖੁਦ ਮੌਕੇ ’ਤੇ ਪੁੱਜੇ ਅਤੇ ਤਲਾਸ਼ੀ ਲੈਣ ’ਤੇ ਕਾਰ ਵਿੱਚੋਂ 1 ਕੁਇੰਟਲ 54 ਕਿਲੋ ਭੁੱਕੀ ਡੋਡੇ ਪੋਸਤ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐਨਡੀਪੀਐਸ ਐਕਟ ਦੀਆਂ ਧਾਰਾਵਾਂ 15(ਸੀ)/61/85 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਅਪਰਾਧਿਕ ਰਿਕਾਰਡ ਦੀ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਉਸ ਖ਼ਿਲਾਫ਼ ਪਹਿਲਾਂ ਵੀ ਨਸ਼ੇ ਦੀ ਤਸਕਰੀ ਸਬੰਧੀ ਥਾਣਾ ਬਾਜਾਖਾਨਾ ਵਿੱਚ ਮੁਕੱਦਮਾ ਨੰਬਰ 92 ਮਿਤੀ 5.11.2022 ਅਧੀਨ ਧਾਰਾ 15(ਬੀ)/61/85 ਐਨਡੀਪੀਐਸ ਐਕਟ ਤਹਿਤ ਮੁਕੱਦਮਾ ਰਜਿਸਟਰਡ ਹੈ।
+
Advertisement
Advertisement
Advertisement
×