ਯੁੱਧ ਨਸ਼ਿਆਂ ਵਿਰੁੱਧ: ਸੂਬੇ ’ਚ 20 ਹਜ਼ਾਰ ਲੋਕ ਹੋ ਗਏ ਨਸ਼ਾ ਮੁਕਤ -ਸਿਹਤ ਮੰਤਰੀ
ਮੋਗਾ ’ਚ ਬਣੇਗਾ ਮੈਡੀਕਲ ਕਾਲਜ਼, ਜੇਲ੍ਹਾਂ ਨੂੰ ਹੁਣ ਅਸਲ ਸੁਧਾਰ ਘਰ ਬਣਾਉਣ ਦੀ ਯੋਜਨਾਂ
ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਥਾਨਕ ਸਰਕਾਰੀ ਹਸਪਤਾਲ ’ਚੋਂ ਲੱਖਾਂ ਰੁਪਏ ਦੇ ਮੁੱਲ ਦੀਆਂ ਨਸ਼ਾ ਛੁਡਾਊ ਗੋਲੀਆਂ ਚੋਰੀ ਮਾਮਲੇ ’ਚ ਵਿਭਾਗੀ ਮੁਲਾਜ਼ਮਾਂ ਦੀ ਮਿਲੀ ਭੁਗਤ ਦਾ ਅਹਿਮ ਖੁਲਾਸਾ ਕਰਦੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿਮ ਤਹਿਤ ਹੁਣ ਤੱਕ 10 ਲੱਖ ’ਚੋਂ 20 ਹਜ਼ਾਰ ਨੌਜਵਾਨਾਂ ਵੱਲੋਂ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਇਸ ਮੌਕੇ ਵਿਧਾਇਕ ਦਵਿੰਦਰਜਿਤ ਸਿੰਘ ਲਾਡੀ ਢੋਸ, ਡੀਸੀ ਸਾਗਰ ਸੇਤੀਆ, ਐਸ ਐਸ ਪੀ ਅਜੈ ਗਾਂਧੀ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ
ਸਥਾਨਕ ਸਰਕਾਰੀ ਹਸਪਤਾਲ ’ਚੋਂ ਲੱਖਾਂ ਰੁਪਏ ਮੁੱਲ ਦੀਆਂ ਨਸ਼ਾ ਛੁਡਾਊ ਗੋਲੀਆਂ ਚੋਰੀ ਮਾਮਲੇ ’ਚ ਪ੍ਰੈਸ ਕਾਨਫਰੰਸ ਕਰਨ ਪੁੱਜੇ ਸਿਹਤ ਮੰਤਰੀ ਨੇ ਦੱਸਿਆ ਕਿ 11 ਹਜ਼ਾਰ ਗੋਲੀਆਂ ਵਿਚੋਂ 10150 ਗੋਲੀਆਂ ਬਰਾਮਦ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਅਹਿਮ ਖੁਲਾਸਾ ਕੀਤਾ ਕਿ ਵਿਭਾਗੀ ਮੁਲਾਜ਼ਮ ਦੀ ਮਿਲੀ ਭੁਗਤ ਤੋਂ ਬਿਨਾ ਅਜਿਹਾ ਸੰਭਵ ਨਹੀਂ ਕਿਉਂਕਿ ਤਾਲਾ ਤੋੜ ਕੇ ਚੋਰੀ ਨਹੀਂ ਹੋਈ ਸਗੋਂ ਤਾਲਾ ਨਹੀਂ ਸੀ ਲੱਗਾ। ਜਾਂਚ ਤੋਂ ਬਾਅਦ ਵਿਭਾਗੀ ਮੁਲਾਜ਼ਮ ਖ਼ਿਲਾਫ਼ ਮਿਸਾਲੀ ਕਾਰਵਾਈ ਹੋਵੇਗੀ। ਹੁਣ ਇੱਕ ਇੱਕ ਗੋਲੀ ਦਾ ਰਿਕਾਰਡ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿਮ ਦੇ ਪ੍ਰਭਾਵਸਾਲੀ ਨਤੀਜੇ ਸਾਹਮਣੇ ਆ ਰਹੇ ਹਨ। ਨਸਿਆਂ ’ਚ ਗਲਤਾਨ ਸੂਬੇ ਦੇ ਕਰੀਬ 10 ਲੱਖ ਲੋਕਾਂ ਵਿਚੋਂ 20 ਹਜ਼ਾਰ ਤੋਂ ਵੱਧ ਲੋਕ ਨਸ਼ਾ ਮੁਕਤ ਹੋ ਚੁੱਕੇ ਹਨ। ਨਸਾ ਛੁਡਾਊ ਕੇਂਦਰਾਂ ਨੂੰ ਅਪਗਰੇਡ ਕਰਕੇ ਸਾਰੀਆਂ ਸਹੂਲਤਾਂ ਮੁਹਈਆ ਕਰਵਾਈਆਂ ਗਈਆ ਹਨ। ਨਸ਼ਾ ਛੱਡਣ ਵਾਲੇ ਲੋਕਾਂ ਨੂੰ ਕਿੱਤਾ ਮੁਖੀ ਕੋਰਸ ਕਰਵਾਕੇ ਉਨ੍ਹਾਂ ਦੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜੇਲ੍ਹਾਂ ਨੂੰ ਹੁਣ ਅਸਲ ਸੁਧਾਰ ਘਰ ਬਣਾਉਣ ਦੀ ਯੋਜ਼ਨਾਂ ਤਹਿਤ ਬੰਦੀਆਂ ਨੂੰ ਵੀ ਕਿੱਤਾ ਮੁਖੀ ਕੋਰਸ ਦੀ ਸਿਖਲਾਈ ਦਿੱਤੀ ਜਾਵੇਗੀ।
ਸਿਹਤ ਮੰਤਰੀ ਨੇ ਮੋਗਾ ਸਮੇਤ ਸੂਬੇ ਦੇ ਪੰਜ ਹਸਪਤਾਲਾਂ ਦੇ ਨਿੱਜੀਕਰਨ ਦੀਆ ਖ਼ਬਰਾਂ ਨੂੰ ਅਫ਼ਵਾਹਾਂ ਕਰਾਰ ਦਿੰਦੇ ਕਿਹਾ ਨਿੱਜੀ ਸੰਸਥਾਵਾਂ ਦੇ ਨਿਵੇਸ ਨਾਲ ਕੁਝ ਸੇਵਾਵਾਂ ਨੂੰ ਬਿਹਤਰ ਕਰਨ ਦੀ ਯੋਜਨਾ ਹੈ। ਸਰਕਾਰ10 ਲੱਖ ਮੁਫਤ ਸਿਹਤ ਬੀਮਾ ਯੋਜਨਾ ਸੁਰੂ ਕਰਨ ਜਾ ਰਹੀ ਹੈ ਅਤੇ ਮੋਗਾ ਵਿਖੇ ਜ਼ਲਦੀ ਮੈਡੀਕਲ ਕਾਲਜ਼ ਸ਼ੁਰੂ ਹੋ ਜਾਵੇਗਾ ।
ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵਲੈਪਮੈਂਟ(ਆਈ ਡੀ ਪੀ ਡੀ)ਕੇਂਦਰੀ ਕਮੇਟੀ ਮੈਂਬਰ ਕਾਮਰੇਡ ਡਾ.ਇੰਦਰਬੀਰ ਗਿੱਲ ਨੇ ਕਿਹਾ ਕਿ ਸਰਕਾਰ ਸਿਹਤ ਢਾਂਚੇ ਨੂੰ ਨਿੱਜੀ ਕੰਪਨੀਆਂ ਨੂੰ ਸੌਂਪਣ ਦੇ ਲੋਕ-ਵਿਰੋਧੀ ਰਾਹ ’ਤੇ ਤੁਰ ਪਈ ਹੈ। ਇਸ ਫੈਸਲੇ ਨਾਲ ਸਮਾਜ ਦਾ ਗਰੀਬ ਤਬਕਾ ਸਰਕਾਰੀ ਹਸਪਤਾਲਾਂ ਵਿਚ ਮਿਲਦੀਆਂ ਨਿਗੂਣੀਆਂ ਸਿਹਤ ਸਹੂਲਤਾਂ ਤੋਂ ਵੀ ਵਾਂਝਾ ਹੋ ਜਾਵੇਗਾ।

