ਜਲਾਲਾਬਾਦ ’ਚ ਵਾਲੰਟੀਅਰਾਂ ਵੱਲੋਂ ਹੱਕਾਂ ਲਈ ਮਾਰਚ
ਮਲਕੀਤ ਸਿੰਘ
ਜਲਾਲਾਬਾਦ, 28 ਮਈ
ਇਥੇ ਸਥਾਨਕ ਅਨਾਜ ਮੰਡੀ ਵਿੱਚ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਬਨੇਗਾ ਪ੍ਰਾਪਤੀ ਮੁਹਿੰਮ ਦੇ ਬੈਨਰ ਹੇਠ ਵਿਸ਼ਾਲ ਵਾਲੰਟੀਅਰ ਸੰਮੇਲਨ ਕਰਵਾਇਆ ਗਿਆ। ਇਸ ਦੌਰਾਨ ਵਾਲੰਟੀਅਰਾਂ ਨੇ ਜਲਾਲਾਬਾਦ ਦੇ ਬਾਜ਼ਾਰਾਂ ਵਿੱਚ ਪੈਦਲ ਮਾਰਚ ਕੀਤਾ। ਇਸ ਪ੍ਰੋਗਰਾਮ ਦੀ ਅਗਵਾਈ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮੂਵਾਲਾ, ਜ਼ਿਲ੍ਹਾ ਸਕੱਤਰ ਸਟਾਲਿਨ ਲਮੋਚੜ, ਅੰਮ੍ਰਿਤ ਕੌਰ ਕਾਠਗੜ੍ਹ, ਸਰਬ ਭਾਰਤ ਨੌਜਵਾਨ ਸਭਾ ਦੇ ਬਲਾਕ ਪ੍ਰਧਾਨ ਅਸ਼ੋਕ ਢਾਬਾਂ ਨੇ ਕੀਤੀ। ਸਾਥੀ ਜਗਰੂਪ ਸਿੰਘ ਨੇ ਕਿਹਾ ਕਿ ਪੰਜਾਬ ਸਮੇਤ ਦੇਸ਼ ਵਿੱਚ 44 ਕਰੋੜ ਨੌਜਵਾਨ ਮੁੰਡੇ ਕੁੜੀਆਂ ਬੇਰੁਜ਼ਗਾਰ ਹਨ ਅਤੇ ਅਜਿਹੇ ਹਾਲਾਤ ਵਿੱਚ ਕਰੋੜਾਂ ਨੌਜਵਾਨ ਆਪਣੀਆਂ ਲੋੜਾਂ ਪੂਰੀਆਂ ਨਹੀਂ ਕਰ ਸਕ ਰਹੇ। ਉਨ੍ਹਾਂ ਕਿਹਾ ਕਿ ਨਿਰਾਸ਼ ਹੋਈ ਜਵਾਨੀ ਲਈ ਜ਼ਿੰਦਗੀ ਬੋਝਲ ਲੱਗੀ ਹੈ ਅਤੇ ਉਹ ਨਿਰਾਸ਼ਾ ਦੇ ਆਲਮ ਵਿੱਚ ਭੈੜੀਆਂ ਆਲਮਤਾਂ ਦਾ ਸ਼ਿਕਾਰ ਹੋਰ ਜਾਂਦੀ ਹੈ। ਉਨ੍ਹਾਂ ਕਿਹਾ ਕਿ ‘ਬਨੇਗਾ ਵਾਲੰਟੀਅਰ’ ਬਣ ਕੇ ਬਨੇਗਾ ਨੂੰ ਦੇਸ਼ ਦੀ ਪਾਰਲੀਮੈਂਟ ਵਿੱਚੋਂ ਪਾਸ ਕਰਵਾਈਏ ਕਿਉਂਕਿ ਬਨੇਗਾ ਦਾ ਅਮਲ ਹੀ ਹਰ ਇੱਕ ਨੌਜਵਾਨ ਦੇ ਦਿਲ ਦੀਆਂ ਖਾਹਿਸ਼ਾਂ ਪੂਰੀਆਂ ਕਰ ਸਕਦਾ ਹੈ। ਇਸ ਮੌਕੇ ਵਾਲੰਟੀਅਰਾਂ ਵੱਲੋਂ ਪੰਡਾਲ ਵਿੱਚ ਖੜ੍ਹੇ ਹੋਰ ਕੇ ਸਮਰਥਨ ਕੀਤਾ ਗਿਆ। ਇਸ ਮੌਕੇ ਏਆਈਐੱਸਐੱਫ ਦੇ ਸੂਬਾ ਸਕੱਤਰ ਸਾਥੀ ਸੁਖਵਿੰਦਰ ਮਲੋਟ ਅਤੇ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਛਾਂਗਾਰਾਏ, ਪਰਮਜੀਤ ਢਾਬਾਂ, ਹਰਭਜਨ ਛੱਪੜੀ ਵਾਲਾ, ਸੁਬੇਗ ਝੰਗੜ ਭੈਣੀ, ਨਰਿੰਦਰ ਢਾਬਾਂ, ਸੰਜਨਾ ਢਾਬਾਂ ਤੇ ਨੀਰਜ ਰਾਣੀ ਫਾਜ਼ਿਲਕਾ ਵੀ ਹਾਜ਼ਰ ਸਨ।