ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਾਲਵਾ ’ਚ ਝੋਨੇ ਦੀ ਫ਼ਸਲ ’ਤੇ ਵਾਇਰਸ ਦੀ ਮਾਰ

ਝੋਨੇ ਦੀ ਫ਼ਸਲ ਵਾਇਰਸ ਤੋਂ ਪ੍ਰਭਾਵਿਤ ਹੋਣ ਦਾ ਮਾਮਲਾ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਵਿੱਚ ਅੰਨਦਾਤਾ ਲਈ ਵੱਡੀ ਸਿਰਦਰਦੀ ਬਣਨ ਲੱਗਿਆ ਹੈ। ਬੇਸ਼ੱਕ ਪਹਿਲਾਂ ਕਿਸਾਨਾਂ ਵੱਲੋਂ ਮੀਂਹ ਨਾ ਪੈਣ ਅਤੇ ਗਰਮੀ ਜ਼ਿਆਦਾ ਪੈਣ ਕਾਰਨ ਝੋਨੇ ਦਾ ਕੱਦ ਨਾ ਹੋਣ ਲਈ ਕਈ...
ਪਿੰਡ ਕੋਟਲੱਲੂ ਵਿੱਚ ਝੋਨੇ ਦੇ ਮਧਰੇਪਣ ਸਬੰਧੀ ਨਿਰੀਖਣ ਕਰਦੀ ਹੋਈ ਖੇਤੀ ਵਿਭਾਗ ਦੀ ਟੀਮ।
Advertisement

ਝੋਨੇ ਦੀ ਫ਼ਸਲ ਵਾਇਰਸ ਤੋਂ ਪ੍ਰਭਾਵਿਤ ਹੋਣ ਦਾ ਮਾਮਲਾ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਵਿੱਚ ਅੰਨਦਾਤਾ ਲਈ ਵੱਡੀ ਸਿਰਦਰਦੀ ਬਣਨ ਲੱਗਿਆ ਹੈ। ਬੇਸ਼ੱਕ ਪਹਿਲਾਂ ਕਿਸਾਨਾਂ ਵੱਲੋਂ ਮੀਂਹ ਨਾ ਪੈਣ ਅਤੇ ਗਰਮੀ ਜ਼ਿਆਦਾ ਪੈਣ ਕਾਰਨ ਝੋਨੇ ਦਾ ਕੱਦ ਨਾ ਹੋਣ ਲਈ ਕਈ ਕਿਸਮ ਦੀਆਂ ਖਾਦਾਂ ਅਤੇ ਕੀਟਨਾਸ਼ਕਾਂ ਨੂੰ ਖੇਤਾਂ ਵਿੱਚ ਵਰਤਿਆ ਜਾਂਦਾ ਰਿਹਾ, ਪਰ ਇਸ ਦੇ ਬਾਵਜੂਦ ਜਦੋਂ ਝੋਨਾ ਕੱਦ ਨਾ ਕਰ ਸਕਿਆ ਤਾਂ ਕਿਸਾਨ ਘਬਰਾ ਗਏ ਹਨ। ਹੁਣ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਖੇਤਾਂ ਵਿੱਚ ਜਾਣ ਲੱਗੇ ਹਨ।

ਅੱਜ ਮਾਨਸਾ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਟੀਮ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਦੀ ਟੀਮ ਦੇ ਇੰਚਾਰਜ ਡਿਪਟੀ ਡਾਇਰੈਕਟਰ ਡਾ. ਗੁਰਦੀਪ ਸਿੰਘ ਨੇ ਮਾਨਸਾ ਨੇੜਲੇ ਪਿੰਡ ਕੋਟਲੱਲੂ, ਮੂਸਾ ਅਤੇ ਮਾਨਬੀਬੜੀਆਂ ਵਿੱਚ ਖੇਤਾਂ ਦਾ ਸਰਵੇਖਣ ਕੀਤਾ। ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੀਆਂ ਬਲਾਕ ਪੱਧਰੀ ਟੀਮਾਂ ਵੱਲੋਂ ਵੀ ਵੱਖ-ਵੱਖ ਪਿੰਡਾਂ ਵਿੱਚ ਝੋਨੇ ਦੇ ਬੂਟਿਆਂ ਵਿੱਚ ਮਧਰੇਪਣ ਦੇ ਰੋਗ ਸਬੰਧੀ ਨਿਰੀਖਣ ਕੀਤਾ ਗਿਆ।

Advertisement

ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਕਿਹਾ ਕਿ ਕੁੱਝ ਜ਼ਿਲ੍ਹਿਆਂ ਵਿੱਚ ਇਸ ਰੋਗ ਬਾਬਤ ਸੂਚਨਾ ਮਿਲਣ ਕਾਰਨ ਜ਼ਿਲ੍ਹਾ ਮਾਨਸਾ ਦੇ ਖੇਤੀਬਾੜੀ ਅਧਿਕਾਰੀਆਂ ਦੀਆਂ ਪੰਜ ਬਲਾਕ ਪੱਧਰੀ ਟੀਮਾਂ ਦਾ ਗਠਨ ਕੀਤਾ ਗਿਆ, ਜੋ ਵੱਖ-ਵੱਖ ਪਿੰਡਾਂ ਵਿੱਚ ਰੋਗ ਦਾ ਪਤਾ ਲਗਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਝੋਨੇ ਦੇ ਬੂਟਿਆਂ ਦਾ ਮਧਰਾ ਰਹਿ ਜਾਣਾ ਝੋਨੇ ਦਾ ਨਵਾਂ ਰੋਗ ਹੈ, ਜੋ ਭਾਰਤ ਵਿੱਚ ਪਹਿਲੀ ਵਾਰ ਸਾਲ 2022 ਵਿੱਚ ਦੇਖਿਆ ਗਿਆ। ਇਹ ਵਿਸ਼ਾਣੂ ਰੋਗ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਦੇ ਕਾਰਨ ਦੀ ਪਛਾਣ ‘ਸਦਰਨ ਰਾਈਸ ਬਲੈਕ ਸਟਰੀਕਡ ਡਵਾਰਫ ਵਾਇਰਸ’ ਵਜੋਂ ਕੀਤੀ ਗਈ ਹੈ।

ਡਿਪਟੀ ਡਾਇਰੈਕਟਰ (ਕੇਵੀਕੇ) ਡਾ. ਗੁਰਦੀਪ ਸਿੰਘ ਨੇ ਕਿਸਾਨਾਂ ਨੂੰ ਕਿਹਾ ਕਿ ਇਸ ਰੋਗ ਨਾਲ ਪ੍ਰਭਾਵਿਤ ਬੂਟੇ ਮਧਰੇ, ਪੱਤੇ ਨੋਕਦਾਰ ਅਤੇ ਜੜ੍ਹਾਂ ਘੱਟ ਡੂੰਘੀਆਂ ਰਹਿ ਜਾਂਦੀਆਂ ਹਨ, ਪ੍ਰਭਾਵਿਤ ਬੂਟਿਆਂ ਦੀ ਉਚਾਈ ਆਮ ਬੂਟਿਆਂ ਨਾਲੋਂ ਅੱਧੀ ਜਾਂ ਇੱਕ-ਤਿਹਾਈ ਰਹਿ ਜਾਂਦੀ ਹੈ। ਰੋਗ ਦੇ ਜ਼ਿਆਦਾ ਹਮਲੇ ਕਾਰਨ ਕਈ ਵਾਰ ਬੂਟੇ ਮੁਰਝਾ ਜਾਂਦੇ ਹਨ। ਇਹ ਵਿਸ਼ਾਣੂ ਚਿੱਟੀ ਪਿੱਠ ਵਾਲੇ ਟਿੱਡੇ ਰਾਹੀਂ ਫੈਲਦਾ ਹੈ ਜੋ ਝੋਨੇ ਦੀਆਂ ਮੌਜੂਦਾ ਸਾਰੀਆਂ ਕਿਸਮਾਂ ਉੱਤੇ ਹਮਲਾ ਕਰ ਸਕਦਾ ਹੈ।

ਖੇਤੀ ਅਧਿਕਾਰੀਆਂ ਨੇ ਕਿਸਾਨਾਂ ਨੂੰ ਲਗਾਤਾਰ ਆਪਣੇ ਖੇਤਾਂ ਦਾ ਸਰਵੇਖਣ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਜੇ ਕੋਈ ਇਸ ਰੋਗ ਸਬੰਧੀ ਨਿਸ਼ਾਨੀ ਦਿਖਦੀ ਹੈ ਤਾਂ ਤੁਰੰਤ ਸਬੰਧਤ ਬਲਾਕ ਖੇਤੀਬਾੜੀ ਦਫ਼ਤਰ ਜਾਂ ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਨਾਲ ਸੰਪਰਕ ਕੀਤਾ ਜਾਵੇ।

ਇਸ ਮੌਕੇ ਡਾ. ਹਰਪ੍ਰੀਤ ਸਿੰਘ, ਡਾ. ਮਨਮੋਹਨ ਸਿੰਘ, ਡਾ. ਰਜਨੀਸ਼, ਡਾ. ਤੇਜਪਾਲ, ਡਾ. ਅਲੋਕ, ਡਾ. ਜਸਲੀਨ ਕੌਰ ਧਾਲੀਵਾਲ, ਡਾ. ਸੁਖਜਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ ਵੀ ਮੌਜੂਦ ਸਨ।

Advertisement