ਹਲਕਾ ਜੈਤੋ ’ਚ ਅੱਜ ਆਪ ਨੂੰ ਉਦੋਂ ਬਲ ਮਿਲਿਆ, ਜਦੋਂ ਪਿੰਡ ਰਾਊ ਵਾਲਾ ਦੀ ਸਮੁੱਚੀ ਗ੍ਰਾਮ ਪੰਚਾਇਤ ਨੇ ਇਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ| ਪਿੰਡ ਵਿੱਚ ਹੋਏ ਇਕੱਠ ਦੌਰਾਨ ਪੁੱਜੇ ਵਿਧਾਇਕ ਅਮੋਲਕ ਸਿੰਘ ਨੇ ਸਰਪੰਚ ਅਤੇ ਪੰਚਾਂ ਦਾ ‘ਆਪ’ ਵਿੱਚ ਸਵਾਗਤ ਕੀਤਾ|
ਇਸ ਤੋਂ ਪਹਿਲਾਂ ‘ਆਪ’ ਵਿੱਚ ਸ਼ਾਮਲ ਹੋਏ ਪੰਚਾਇਤੀ ਨੁਮਾਇੰਦੇ ਵੱਖ-ਵੱਖ ਸਿਆਸੀ ਗਲਿਆਰਿਆਂ ਨਾਲ ਸਬੰਧ ਰੱਖਦੇ ਸਨ| ਉਨ੍ਹਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਘੱਟ ਸਮੇਂ ਵਿੱਚ ਕੀਤੇ ਗਏ ਇਤਿਹਾਸਕ ਕੰਮਾਂ ਨੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲ ਪ੍ਰੇਰਿਆ ਅਤੇ ਸਭ ਨੇ ਇਕੱਠੇ ਹੋ ਕੇ ‘ਆਪ’ ਨਾਲ ਜੁੜਨ ਦਾ ਫੈਸਲਾ ਕੀਤਾ ਹੈ| ਉਨ੍ਹਾਂ ਹਲਕੇ ਦੇ ਵਿਧਾਇਕ ਅਮੋਲਕ ਸਿੰਘ ਦੀ ਸਾਫ਼-ਸੁਥਰੇ ਅਕਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨੌਜਵਾਨ ਵਿਧਾਇਕ ਵੱਲੋਂ ਬੜੀ ਸਪਸ਼ਟਤਾ ਅਤੇ ਭੇਦ ਭਾਵ ਤੋਂ ਕੀਤੇ ਜਾ ਰਹੇ ਕੰਮਾਂ ਦੇ ਉਹ ਸ਼ੁਰੂ ਤੋਂ ਕਾਇਲ ਰਹੇ ਹਨ|
ਅਮੋਲਕ ਸਿੰਘ ਨੇ ਕਿਹਾ ਕਿ ਪੰਚਾਇਤ ਰੱਬ ਦਾ ਦੂਜਾ ਰੂਪ ਹੁੰਦੀ ਹੈ ਅਤੇ ਉਹ ਰਾਊ ਵਾਲਾ ਦੀ ਗ੍ਰਾਮ ਪੰਚਾਇਤ ਦੇ ਇਸ ਗੱਲ ਤੋਂ ਸ਼ੁਕਰਗੁਜ਼ਾਰ ਹਨ ਕਿ ਉਸ ਨੇ ‘ਆਪ’ ਵਿੱਚ ਸ਼ਾਮਲ ਹੋ ਕੇ ਵੱਡਾ ਕ੍ਰਿਤਾਰਥ ਕੀਤਾ ਹੈ| ਉਨ੍ਹਾਂ ਭਵਿੱਖ ’ਚ ਰਲ-ਮਿਲ ਕੇ ਪਿੰਡ ਦਾ ਵਿਕਾਸ ਕਰਾਉਣ ਦੀ ਪੇਸ਼ਕਸ਼ ਕਰਦਿਆਂ ਪਾਰਟੀ ਵਿੱਚ ਯੋਗ ਸਥਾਨ ਦੇਣ ਅਤੇ ਪਿੰਡ ਵਾਸੀਆਂ ਦੇ ਸਦਾ ਰਿਣੀ ਰਹਿਣ ਦੀ ਵੀ ਗੱਲ ਆਖੀ|
ਇਸ ਮੌਕੇ ਸਰਪੰਚ ਬਾਬੂ ਸਿੰਘ, ਜਗਤਾਰ ਸਿੰਘ, ਜਗਸੀਰ ਸਿੰਘ, ਅਵਤਾਰ ਸਿੰਘ, ਸ਼ਮਸ਼ੇਰ ਸਿੰਘ, ਰਾਜਪਾਲ ਸਿੰਘ (ਸਾਰੇ ਪੰਚ), ਜਸਮੀਤ ਸਿੰਘ, ਸੰਤੋਖ ਸਿੰਘ, ਜਗਸੀਰ ਸਿੰਘ, ਤਾਰਾ ਸਿੰਘ, ਅਰਸ਼ਦੀਪ ਸਿੰਘ, ਖੇਤਾ ਸਿੰਘ ਆਦਿ ਸ਼ਾਮਿਲ ਹੋਏ| ਇਸ ਮੌਕੇ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ, ਟਰੱਕ ਅਪਰੇਟਰਜ਼ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਐਡਵੋਕੇਟ ਹਰਸਿਮਰਨ ਮਲਹੋਤਰਾ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਭਗਤੂਆਣਾ, ਪੀਏਡੀਬੀ ਜੈਤੋ ਦੇ ਚੇਅਰਮੈਨ ਗੁਰਬਿੰਦਰ ਸਿੰਘ ਵਾਲੀਆ ਸਮੇਤ ਪਾਰਟੀ ਦੇ ਕਈ ਆਗੂ ਤੇ ਵਰਕਰ ਹਾਜ਼ਰ ਸਨ|