ਵਿਜੀਲੈਂਸ ਨੇ ਰਿਸ਼ਵਤ ਲੈਂਦਾ ਥਾਣੇਦਾਰ ਰੰਗੇ ਹੱਥੀਂ ਫੜਿਆ
ਇਥੇ ਪੰਜਾਬ ਵਿਜੀਲੈਂਸ ਬਿਊਰੋ ਮੁਹਾਲੀ ਦੇ ਉੱਡਣ ਦਸਤੇ ਨੇ ਅੱਜ ਸ਼ਾਮੀਂ ਜ਼ਿਲ੍ਹਾ ਅਦਾਲਤਾਂ ਨੇੜੇ ਵਾਹਨ ਪਾਰਕਿੰਗ ਵਿੱਚ ਥਾਣੇਦਾਰ ਨੂੰ ਪੰਜ ਹਜ਼ਾਰ ਰੁਪਏ ਵੱਢੀ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਥਾਣੇਦਾਰ ਦੀ ਪਛਾਣ ਰਘਵਿੰਦਰ ਪ੍ਰਸਾਦ ਵਜੋਂ ਹੋਈ ਹੈ। ਵਿਜੀਲੈਂਸ ਬਿਊਰੋ...
ਇਥੇ ਪੰਜਾਬ ਵਿਜੀਲੈਂਸ ਬਿਊਰੋ ਮੁਹਾਲੀ ਦੇ ਉੱਡਣ ਦਸਤੇ ਨੇ ਅੱਜ ਸ਼ਾਮੀਂ ਜ਼ਿਲ੍ਹਾ ਅਦਾਲਤਾਂ ਨੇੜੇ ਵਾਹਨ ਪਾਰਕਿੰਗ ਵਿੱਚ ਥਾਣੇਦਾਰ ਨੂੰ ਪੰਜ ਹਜ਼ਾਰ ਰੁਪਏ ਵੱਢੀ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਥਾਣੇਦਾਰ ਦੀ ਪਛਾਣ ਰਘਵਿੰਦਰ ਪ੍ਰਸਾਦ ਵਜੋਂ ਹੋਈ ਹੈ। ਵਿਜੀਲੈਂਸ ਬਿਊਰੋ ਮੁਤਾਬਕ ਮੁਲਜ਼ਮ ਥਾਣੇਦਾਰ ਮੋਗਾ ਜ਼ਿਲ੍ਹੇ ਦੇ ਥਾਣਾ ਕੋਟ ਈਸੇ ਖਾਂ ਵਿੱਚ ਤਾਇਨਾਤ ਸੀ। ਇੰਸਪੈਕਟਰ ਰਾਜਿੰਦਰ ਸਿੰਘ ਦੀ ਅਗਵਾਈ ਹੇਠ ਸਥਾਨਕ ਵਿਜੀਲੈਂਸ ਟੀਮ ਨੇ ਮੁਲਜ਼ਮ ਦੇ ਘਰ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਵੇਰਵਿਆਂ ਮੁਤਾਬਕ ਜਗਸੀਰ ਸਿੰਘ ਪਿੰਡ ਤਰਖਾਣ ਵਾਲਾ ਨੇ ਕਸਬਾ ਕੋਟ ਈਸੇ ਖਾਂ ਵਿੱਚ ਕੋਠੀ ਖਰੀਦ ਕੀਤੀ ਸੀ। ਉਨ੍ਹਾਂ ਦੱਸਿਆ ਕਿ 26 ਅਗਸਤ ਨੂੰ ਉਹ ਕੋਠੀ ਵਿੱਚ ਆਪਣੇ ਰਿਸ਼ਤੇਦਾਰਾਂ ਸਮੇਤ ਸੁਖਮਨੀ ਸਾਹਿਬ ਦਾ ਪਾਠ ਕਰਵਾਉਣ ਲਈ ਆਏ ਤਾਂ ਕੁਝ ਵਿਅਕਤੀਆਂ ਨੇ ਉਨ੍ਹਾਂ ਦੀ ਕੋਠੀ ਉੱਤੇ ਕਥਿਤ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਪੁਲੀਸ ਹੈਲਪ ਲਾਈਨ ਉੱਤੇ ਇਤਲਾਹ ਦਿੱਤੀ ਤਾਂ ਥਾਣਾ ਕੋਟ ਈਸੇ ਖਾਂ ਪੁਲੀਸ ਉਨ੍ਹਾਂ ਨੂੰ ਹੀ ਗ੍ਰਿਫ਼ਤਾਰ ਕਰਕੇ ਲੈ ਗਈ ਅਤੇ ਔਰਤਾਂ ਤੇ ਹੋਰ ਰਿਸ਼ਤੇਦਾਰਾਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਗਿਆ। ਹੁਣ ਉਨ੍ਹਾਂ ਖ਼ਿਲਾਫ਼ ਦਰਜ ਕਥਿਤ ਝੂਠੇ ਕੇਸ ਵਿਚ ਮਦਦ ਕਰਨ ਦੇ ਨਾਮ ਉੱਤੇ ਪੁਲੀਸ ਅਧਿਕਾਰੀ, ਜਾਂਚ ਅਧਿਕਾਰੀ ਤੇ ਥਾਣੇਦਾਰ ਰਘਵਿੰਦਰ ਪ੍ਰਸਾਦ ਵੱਢੀ ਮੰਗ ਰਹੇ ਸਨ। ਸ਼ਿਕਾਇਤਕਰਤਾ ਕੋਲੋਂ ਜਾਂਚ ਅਧਿਕਾਰੀ ਨੇ 6 ਨਵੰਬਰ ਨੂੰ ਪੰਜ ਹਜ਼ਾਰ ਰੁਪਏ ਦੀ ਵੱਢੀ ਲਈ ਅਤੇ ਹੋਰ ਪੰਜ ਹਜ਼ਾਰ ਵੱਢੀ ਅੱਜ 12 ਨਵੰਬਰ ਨੂੰ ਦੇਣੀ ਕੀਤੀ ਗਈ ਸੀ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਦੇ ਉੱਡਣ ਦਸਤੇ ਨਾਲ ਸੰਪਰਕ ਕਰਕੇ ਸਾਰੇ ਸਬੂਤ ਪੇਸ਼ ਕਰ ਦਿੱਤੇ ਜਿਸ ਮਗਰੋਂ ਵਿਜੀਲੈਂਸ ਦੀ ਟੀਮ ਨੇ ਮੁਲਜ਼ਮ ਥਾਣੇਦਾਰ ਰਘਵਿੰਦਰ ਪ੍ਰਸਾਦ ਨੂੰ ਗ੍ਰਿਫ਼ਤਾਰ ਕਰ ਲਿਆ।

