ਨੇਕੀ ਦੀ ਬਦੀ ’ਤੇ ਜਿੱਤ: ਦਸਹਿਰਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਸਾਡ਼ੇ; ਲੋਕਾਂ ਨੇ ਮਠਿਆਈ ਤੇ ਘਰੇਲੂ ਵਸਤਾਂ ਖ਼ਰੀਦੀਆਂ
ਦਸਹਿਰੇ ਦਾ ਤਿਉਹਾਰ ਅੱਜ ਉਤਸ਼ਾਹ ਨਾਲ ਮਨਾਇਆ ਗਿਆ। ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਅਗਨ-ਦਾਹ ਕੀਤੇ ਗਏ। ਇਸੇ ਦੌਰਾਨ ਐੱਸ ਐੱਸ ਡੀ ਮਹਾਬੀਰ ਦਲ ਵੱਲੋਂ ਲਾਰਡ ਰਾਮਾ/ਐੱਮ ਐੱਸ ਡੀ ਸਕੂਲ ਵਿੱਚ ਕਰਵਾਏ ਸਮਾਗਮ ਦੌਰਾਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜ ਵਰਿੰਦਰ ਅਗਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਖੂਬਸੂਰਤ ਢੰਗ ਨਾਲ ਸਜੇ ਬਾਜ਼ਾਰਾਂ ’ਚ ਪਹੁੰਚ ਕੇ ਲੋਕਾਂ ਨੇ ਮਠਿਆਈ, ਸੁੱਕੇ ਮੇਵੇ, ਫ਼ਲਾਂ ਅਤੇ ਘਰੇਲੂ ਵਰਤੋਂ ਦੀਆਂ ਵਸਤਾਂ ਦੀ ਵਿਆਪਕ ਖ਼ਰੀਦਦਾਰੀ ਕੀਤੀ। ਸ਼ਾਮ ਸਮੇਂ ਲੋਕ ਦੁਸਹਿਰਾ ਮੇਲਿਆਂ ’ਚ ਵਹੀਰਾਂ ਘੱਤ ਕੇ ਪੁੱਜੇ। ਰਮਾਇਣ ਨਾਲ ਸਬੰਧਤ ਪਾਤਰਾਂ ਦੀਆਂ ਪੁਸ਼ਾਕਾਂ ’ਚ ਸਜੇ ਅਦਾਕਾਰਾਂ ਵੱਲੋਂ ਨੇਕੀ ਅਤੇ ਬਦੀ ਦਾ ਅਭਿਨੈ ਜ਼ਰੀਏ ਵਿਖਿਆਨ ਕੀਤਾ ਗਿਆ। ਦੁਸਹਿਰਾ ਸਮਾਗਮਾਂ ’ਚ ਗਾਇਕਾਂ ਨੇ ਆਪਣੀ ਕਲਾ ਦੇ ਜੌਹਰ ਵਿਖਾ ਕੇ, ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ। ਸੂਰਜ ਛਿਪਦਿਆਂ ਹੀ ਜਦੋਂ ਪੁਤਲਿਆਂ ਨੂੰ ਸਪੁਰਦ-ਇ-ਆਤਿਸ਼ ਕੀਤਾ ਗਿਆ, ਤਾਂ ਪਟਾਕਿਆਂ ਨਾਲ ਭਰੇ ਪੁਤਲੇ ਲਟ-ਲਟ ਕਰ ਕੇ ਬਲਣ ਲੱਗੇ। ਪ੍ਰਚੱਲਿਤ ਮਿੱਥ ਮੁਤਾਬਿਕ ਰਾਵਣ ਆਪਣੇ ਵਕਤ ਦਾ ਬਹੁਤ ਹੀ ਗੁਣਵਾਨ ਵਿਅਕਤੀ ਸੀ। ਉਸ ਦੇ ਪੁਤਲੇ ਨੂੰ ਅੱਗ ਲਾਉਣ ਤੋਂ ਪਹਿਲਾਂ ਬਕਾਇਦਾ ਪ੍ਰੰਪਰਾਗਤ ਢੰਗ ਨਾਲ ਪਾਠ-ਪੂਜਾ ਕੀਤੀ ਗਈ। ਇਸੇ ਦੌਰਾਨ ਮਾਨਸਾ ਵਿਚ ਬਦੀ ’ਤੇ ਨੇਕੀ ਦੀ ਜਿੱਤ ਵਜੋਂ ਅਨਾਜ ਮੰਡੀ ਵਿੱਚ ਦਸਹਿਰਾ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ, ਡਿਪਟੀ ਕਮਿਸ਼ਨਰ ਨਵਜੋਤ ਕੌਰ ਅਤੇ ਐੱਸ ਐੱਸ ਪੀ ਭਾਗੀਰਥ ਸਿੰਘ ਮੀਨਾ ਨੇ ਕਿਹਾ ਕਿ ਦਸਹਿਰਾ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅੱਜ ਸਮਾਂ ਮੰਗ ਕਰਦਾ ਕਿ ਉਹ ਸਮਾਜਿਕ ਬੁਰਾਈਆਂ ਨੂੰ ਅੱਜ ਰਾਵਣ ਦੇ ਪੁਤਲੇ ਵਾਂਗ ਅੰਦਰੋਂ ਤੇ ਬਾਹਰੋਂ ਸਾੜ ਦੇਈਏ। ਦਸਹਿਰਾ ਮੇਲੇ ਵਿਚ ਆਸਮਾਨ ਵਿਚ ਰੰਗ ਬਿਰੰਗੀਆਂ ਆਤਿਸ਼ਬਾਜ਼ੀ ਦੇਖਣ ਦਾ ਲੋਕਾਂ ਆਨੰਦ ਮਾਣਿਆ।
ਤਪਾ ਮੰਡੀ (ਪੱਤਰ ਪ੍ਰੇਰਕ): ਆਜ਼ਾਦ ਕਲਚਰਲ ਐਂਡ ਡਰਾਮਾਟਿਕ ਕਲੱਬ ਵੱਲੋਂ ਅੱਜ ਦਸਹਿਰਾ, ਰਾਮ ਲੀਲ੍ਹਾ ਮੈਦਾਨ ’ਚ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਿਧਾਇਕ ਲਾਭ ਸਿੰਘ ਉੱਗੋਕੇ ਸਨ। ਉਨ੍ਹਾਂ ਕਿਹਾ ਕਿ ਦਸਹਿਰੇ ਦਾ ਤਿਉਹਾਰ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ।
ਜੈਤੋ (ਪੱਤਰ ਪ੍ਰੇਰਕ): ਇੱਥੇ ਰਾਮਲੀਲ੍ਹਾ ਮੈਦਾਨ ਵਿੱਚ ਦਸਹਿਰਾ ਮੇਲਾ ਧੂਮ-ਧਾਮ ਨਾਲ ਮਨਾਇਆ ਗਿਆ। ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਮੁੱਖ ਮਹਿਮਾਨ ਵਜੋਂ ਮੇਲੇ ਵਿੱਚ ਸ਼ਮੂਲੀਅਤ ਕੀਤੀ।
ਸ਼ਹਿਣਾ (ਪੱਤਰ ਪ੍ਰੇਰਕ): ਸ਼ਹਿਣਾ ਅਤੇ ਇਲਾਕੇ ਦੇ ਪਿੰਡਾਂ ’ਚ ਦਸਹਿਰੇ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਬਾਜ਼ਾਰਾਂ ’ਚ ਕਾਫੀ ਰੌਣਕ ਰਹੀ। ਲੋਕਾਂ ਨੇ ਭਗਵਾਨ ਰਾਮ ਦੀ ਪੂਜਾ ਅਰਚਨਾ ਕੀਤੀ।
ਤਲਵੰਡੀ ਭਾਈ (ਨਿੱਜੀ ਪੱਤਰ ਪ੍ਰੇਰਕ): ਇੱਥੇ ਦਸਹਿਰਾ ਮੇਲਾ ਸਰਕਾਰੀ ਸੀਨੀਅਰ ਸਕੂਲ (ਲੜਕੇ) ਦੇ ਖੇਡ ਮੈਦਾਨ ਵਿੱਚ ਮਨਾਇਆ ਗਿਆ। ਮੇਲੇ ਦਾ ਪ੍ਰਬੰਧ ਨਿਰਦੇਸ਼ਕ ਪਵਨ ਕੁਮਾਰ ਟੀਟੂ ਦੀ ਅਗਵਾਈ ਹੇਠ ਸ਼੍ਰੀ ਗਣੇਸ਼ ਡਰਾਮਾ ਟਿਕ ਐਂਡ ਕਲਚਰਲ ਕਲੱਬ ਵੱਲੋਂ ਬਾਬਾ ਭੋਲੇ ਨਾਥ ਡਾਕ ਕਾਂਵੜ ਸੰਘ ਅਤੇ ਸ਼ਹਿਰੀਆਂ ਦੇ ਸਹਿਯੋਗ ਨਾਲ ਕੀਤਾ ਗਿਆ। ਰਾਮ ਲੀਲ੍ਹਾ ਦੀਆਂ ਸੁੰਦਰ ਝਾਕੀਆਂ ਉਪਰੰਤ ਰਾਵਣ ਦੇ 50 ਫੁੱਟ ਉੱਚੇ ਪੁਤਲੇ ਨੂੰ ਫ਼ਿਰੋਜ਼ਪੁਰ ਦਿਹਾਤੀ ਹਲਕੇ ਦੇ ਡੀਐਸਪੀ ਕਰਨ ਸ਼ਰਮਾ ਨੇ ਅਗਨੀ ਦਿਖਾਈ।
‘ਚਿੱਟੇ’ ਦਾ ਬਣਾਇਆ ਪੁਤਲਾ
ਬਠਿੰਡਾ ਦੇ ਪਰਸ ਰਾਮ ਨਗਰ ’ਚ ਮਨਾਏ ਗਏ ਦਸਹਿਰਾ ਮੇਲੇ ’ਚ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ 55 ਫੁੱਟ ਲੰਮੇ ਤਿੰਨ ਪੁਤਲਿਆਂ ਤੋਂ ਇਲਾਵਾ ਇੰਨਾ ਹੀ ਲੰਮਾ ਚੌਥਾ ਪੁਤਲਾ ‘ਚਿੱਟੇ’ ਦਾ ਬਣਾਇਆ ਗਿਆ ਸੀ। ਪ੍ਰਬੰਧਕਾਂ ਵੱਲੋਂ ਇਸ ਪੁਤਲੇ ਰਾਹੀਂ ‘ਚਿੱਟੇ’ (ਨਸ਼ੇ) ਦੇ ਖਾਤਮੇ ਲਈ ਅਹਿਦ ਕਰਨ ਦਾ ਸੰਦੇਸ਼ ਦੇਣ ਦਾ ਯਤਨ ਕੀਤਾ ਗਿਆ ਸੀ।
ਸਕੂਲੀ ਬੱਚਿਆਂ ਨੇ ਬਣਾਇਆ ਰਾਵਣ ਦਾ ਪੁਤਲਾ
ਭਾਈ ਰੂਪਾ (ਨਿੱਜੀ ਪੱਤਰ ਪ੍ਰੇਰਕ): ਨਛੱਤਰ ਸਿੰਘ ਯਾਦਗਾਰੀ ਪਬਲਿਕ ਹਾਈ ਸਕੂਲ ਹਾਕਮ ਸਿੰਘ ਵਾਲਾ ਵਿੱਚ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਬੱਚਿਆਂ ਨੇ ਦਸਹਿਰੇ ਨਾਲ ਸਬੰਧਤ ਝਾਕੀਆਂ ਪੇਸ਼ ਕੀਤੀਆਂ। ਉਨ੍ਹਾਂ ਨੇ ਭਗਵਾਨ ਰਾਮ ਤੇ ਰਾਵਣ ਦੇ ਪੋਸਟਰ ਬਣਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਬੱਚਿਆਂ ਨੇ ਅਧਿਆਪਕਾ ਸੁਖਪਾਲ ਕੌਰ ਦੀ ਸਹਾਇਤਾ ਨਾਲ ਰਾਵਣ ਦਾ ਪੁਤਲਾ ਤਿਆਰ ਕੀਤਾ। ਪ੍ਰਿੰਸੀਪਲ ਜਗਦੀਪ ਸਿੰਘ ਨੇ ਭਗਵਾਨ ਰਾਮ ਅਤੇ ਰਾਵਣ ਦੇ ਜੀਵਨ ਬਾਰੇ ਚਾਨਣਾ ਪਾਇਆ। ਇਸ ਮੌਕੇ ਚੇਅਰਪਰਸਨ ਰਾਜਵਿੰਦਰ ਕੌਰ, ਕੁਲਵੰਤ ਸਿੰਘ, ਬਲਦੇਵ ਸਿੰਘ, ਜਗਦੀਪ ਸਿੰਘ, ਰਮਨਦੀਪ ਕੌਰ, ਸੁਖਪਾਲ ਕੌਰ, ਸੁਖਦੀਪ ਕੌਰ, ਨਵਦੀਪ ਕੌਰ, ਕੁਲਵੀਰ ਕੌਰ ਤੇ ਵੀਰਪਾਲ ਕੌਰ ਹਾਜ਼ਰ ਸਨ।