ਜੋਗਿੰਦਰ ਸਿੰਘ ਮਾਨ
ਮਾਨਸਾ, 14 ਜੁਲਾਈ
ਮਾਲਵਾ ਪੱਟੀ ਵਿਚ ਮੀਂਹ ਪੈਣ ਤੋਂ ਬਾਅਦ ਸਬਜ਼ੀ ਦੇ ਰੇਟ ਫਲਾਂ ਨਾਲੋਂ ਮਹਿੰਗੇ ਹੋ ਗਏ ਹਨ। ਹੁਣ ਕੱਦੂ-ਤੋਰੀਆਂ ਦੁਸਹਿਰੀ ਅੰਬਾਂ ਨਾਲੋਂ ਮਹਿੰਗੀਆਂ ਹੋ ਗਈਆਂ ਹਨ। ਹਰੇ ਮਟਰਾਂ ਦੇ ਭਾਅ ਆਲੂ ਬੁਖਾਰੇ ਦੇ ਬਰਾਬਰ ਜਾ ਰਿਹਾ ਹੈ ਅਤੇ ਗੁਆਰੇ ਦੀਆਂ ਫਲੀਆਂ ਦੀਆਂ ਕੀਮਤਾਂ ਲੀਚੀਆਂ ਨੂੰ ਪਿੱਛੇ ਛੱਡ ਗਈਆਂ ਹਨ। ਭਾਵੇਂ ਮਹਿੰਗਾਈ ਹੋਰਨਾਂ ਖੇਤਰਾਂ ਵਿਚ ਵੀ ਵਧੀ ਹੈ, ਪਰ ਸਬਜ਼ੀਆਂ ਜ਼ਰੂਰੀ ਵਸਤਾਂ ਹੋਣ ਕਾਰਨ, ਇਨ੍ਹਾਂ ਦੀ ਖਪਤ ਨਾ ਘਟਾਈ ਜਾ ਸਕਣ ਕਰਕੇ ਆਮ ਲੋਕ ਤੰਗੀ-ਤੁਰਸ਼ੀ ਦੀ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹੋਣ ਲੱਗੇ ਹਨ।
ਵੇਰਵਿਆਂ ਅਨੁਸਾਰ ਇਸ ਵੇਲੇ ਤੋਰੀ ਦਾ ਭਾਅ 80 ਰੁਪਏ ਕਿਲੋ ਚੱਲ ਰਿਹਾ ਹੈ, ਗੁਆਰੇ ਅਤੇ ਚੌਲਿਆਂ ਦੀਆਂ ਫਲ਼ੀਆਂ 100 ਰੁਪਏ ਕਿਲੋ ਵਿਕ ਰਹੀਆਂ ਹਨ। ਇਸੇ ਤਰ੍ਹਾਂ ਭਿੰਡੀ 80 ਰੁਪਏ, ਬੈਂਗਣ 50 ਰੁਪਏ, ਆਲੂ 20 ਰੁਪਏ, ਕੱਦੂ 70 ਰੁਪਏ, ਟੀਂਡੇ 80, ਪੇਠਾ 40 ਰੁਪਏ, ਅੱਲਾ 60 ਰੁਪਏ, ਹਰੀਆਂ ਮਿਰਚਾਂ 100 ਰੁਪਏ, ਸ਼ਿਮਲਾ ਮਿਰਚਾਂ 60 ਰੁਪਏ, ਬੰਦ ਗੋਭੀ ਅਤੇ ਫੁੱਲ ਗੋਭੀ 80 ਰੁਪਏ, ਖੀਰੇ 60 ਰੁਪਏ, ਨਿੰਬੂ 80 ਰੁਪਏ ਧੜੱਲੇ ਨਾਲ ਵਿਕ ਰਹੇ ਹਨ।
ਕਿਸਾਨਾਂ ਤੋਂ ਮਿਲੇ ਵੇਰਵਿਆਂ ਅਨੁਸਾਰ ਪਤਾ ਲੱਗਿਆ ਹੈ ਕਿ ਪਿਛਲੇ ਦਿਨੀਂ ਪਏ ਮੀਂਹ ਤੋਂ ਬਾਅਦ ਖੇਤਾਂ ਵਿਚ ਪਾਣੀ ਖੜ੍ਹਨ ਨਾਲ ਸਬਜ਼ੀਆਂ ਮਰ ਗਈਆਂ ਹਨ ਅਤੇ ਜਿਹੜੀਆਂ ਸਬਜ਼ੀਆਂ ਬਚੀਆਂ ਹਨ, ਉਨ੍ਹਾਂ ਦੇ ਰੇਟ ਸਬਜ਼ੀਆਂ ਦੀ ਥੁੜ੍ਹ ਕਾਰਨ ਵੱਧ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹਾਂ ਦੇ ਦਿਨਾਂ ਦੌਰਾਨ ਸਬਜ਼ੀਆਂ ਦੀ ਪੈਦਾਵਾਰ ਵੀ ਰੁਕ ਜਾਂਦੀ ਹੈ, ਜਦੋਂ ਕਿ ਬਾਹਰਲੇ ਸੂਬਿਆਂ ਤੋਂ ਆਉਂਦੀਆਂ ਸਬਜ਼ੀਆਂ ਵੀ ਮੀਂਹਾਂ ਦੇ ਭੇਂਟ ਚੜ੍ਹ ਗਈਆਂ ਹਨ।
ਸਬਜ਼ੀ ਮੰਡੀ ਆੜ੍ਹਤੀਆ ਐਸੋਸੀਏਸ਼ਨ ਦੇ ਇਕ ਆਗੂ ਰਾਜ ਚੁੱਘ ਨੇ ਦੱਸਿਆ ਕਿ ਅੱਜ ਕੱਲ੍ਹ ਜਦੋਂ ਪੰਜਾਬ ਦੀ ਸਬਜ਼ੀ ਬੰਦ ਹੋ ਗਈ ਹੈ ਤਾਂ ਹਿਮਾਚਲ ਪ੍ਰਦੇਸ਼ ’ਚੋਂ ਕੁੱਲੂ ਨੇੜਿਓ ਬਦਰੌਲ, ਭੂੰਤਰ, ਤਕੋਲੀ ਤੋਂ ਟਮਾਟਰ, ਗੋਭੀ, ਮਟਰ, ਬੰਦ ਗੋਭੀ, ਖੀਰਾ ਆ ਰਹੇ ਹਨ, ਜਿਨ੍ਹਾਂ ਦਾ ਆਉਣ-ਜਾਣ ਦਾ ਭਾੜਾ ਮਹਿੰਗਾ ਹੋਣ ਕਰਕੇ ਇਸ ਦਾ ਸੇਕ ਗਾਹਕ ਨੂੰ ਲੱਗਣ ਲੱਗ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਕਈ ਖੇਤਰਾਂ ਦੀਆਂ ਸਬਜ਼ੀਆਂ ਦੇ ਰੇਟ ਅਲੱਗ-ਅਲੱਗ ਹਨ, ਪਰ ਜ਼ਿਆਦਾਤਰ ਉਚੀਆਂ ਜਾਣ ਦਾ ਕਾਰਨ ਪੈਦਾਵਾਰ ਘਟਣ ਨੂੰ ਹੀ ਮੰਨਿਆ ਜਾਂਦਾ ਹੈ। ਜਦੋਂ ਕਿ ਇਹ ਪੈਦਾਵਾਰ ਘਟਣ ਦੀ ਅਸਲੀਅਤ ਮੁੱਖ ਰੂਪ ਵਿਚ ਮੀਂਹਾਂ ਦੀ ਹੀ ਮੰਨੀ ਜਾਂਦੀ ਹੈ, ਜਦੋਂ ਕਿ ਪੰਜਾਬ ਵਿਚ ਝੋਨਾ ਲੱਗਣ ਕਰਕੇ ਇਸ ਹੇਠਲੇ ਰਕਬੇ ਉਪਰ ਬੀਜੀਆਂ ਦੇਸੀ ਸਬਜ਼ੀਆਂ ਕਿਸਾਨਾਂ ਨੂੰ ਵਾਹੁਣੀਆਂ ਪਈਆਂ ਹਨ।