ਤਪਾ ਸ਼ਹਿਰ ਦੇ ਲੈਕਚਰਾਰ ਕ੍ਰਿਸ਼ਨ ਬਾਂਸਲ ਦੀ ਹੋਣਹਾਰ ਧੀ ਸ਼ਿਫਾਲੀ ਨੇ ਯੂ ਪੀ ਐੱਸ ਸੀ ਸਾਇੰਸ ਦੀ ਪ੍ਰੀਖਿਆ ’ਚ ਪੂਰੇ ਭਾਰਤ ਵਿੱਚੋਂ ਤੀਜਾ ਅਤੇ ਪੰਜਾਬ ’ਚੋਂ ਪਹਿਲੇ ਸਥਾਨ ਹਾਸਲ ਕਰਕੇ ਮਾਪਿਆਂ, ਸ਼ਹਿਰ ਤੇ ਜ਼ਿਲ੍ਹੇ ਦਾ ਨਾਂਅ ਦੇਸ਼ ਭਰ ਵਿੱਚ ਰੌਸ਼ਨ ਕੀਤਾ ਹੈ। ਸ਼ਿਫ਼ਾਲੀ ਦੀ ਇਸ ਪ੍ਰਾਪਤੀ ’ਤੇ ਪਰਿਵਾਰ ਨੂੰ ਵਧਾਈਆਂ ਮਿਲ ਰਹੀਆਂ ਹਨ।
ਸ਼ਿਫਾਲੀ ਨੇ ਦੱਸਿਆ ਕਿ ਉਸ ਦਾ ਬਚਪਨ ਤੋਂ ਹੀ ਸੁਪਨਾ ਸੀ ਕਿ ਉਹ ਇੱਕ ਵਿਗਿਆਨੀ ਬਣੇ ਤੇ ਉਸਦੀ ਇਸ ਇੱਛਾ ਨੂੰ ਪਰਮਾਤਮਾ ਨੇ ਪੂਰਾ ਕੀਤਾ ਹੈ। ਉਸ ਨੇ ਦੱਸਿਆ ਕਿ ਦਸਵੀਂ ਤੱਕ ਦੀ ਪੜ੍ਹਾਈ ਉਸਨੇ ਸਰਕਾਰੀ ਸਕੂਲ ਘੁੰਨਸ ਵਿਖੇ ਅਤੇ ਬਾਰਵੀਂ ਤੱਕ ਦੀ ਪੜ੍ਹਾਈ ਕੋਟਾ (ਰਾਜਸਥਾਨ) ਵਿਖੇ ਪੂਰੀ ਕਰਨ ਤੋਂ ਬਾਅਦ ਫਿਰੋਜ਼ਪੁਰ ਤੋਂ ਬੀ ਐੱਸ ਈ ਦੀ ਡਿਗਰੀ ਹਾਸਲ ਕੀਤੀ। ਇਸ ਪਿੱਛੋਂ ਪੰਜਾਬੀ ਯੂਨੀਵਰਸਿਟੀ ਕੈਂਪ ਚੰਡੀਗੜ੍ਹ ਤੋਂ ਐੱਮ ਐੱਸ ਸੀ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਉਸਨੇ ਚੇਨੱਈ ਤੋਂ ਪੀਐਚਡੀ ਆਈਟੀ ਦੀ ਪੜ੍ਹਾਈ ਪੂਰੀ ਕੀਤੀ। ਸ਼ਿਫਾਲੀ ਨੇ ਦੱਸਿਆ ਕਿ ਯੂ ਪੀ ਐੱਸ ਸੀ ਵਿੱਚ ਪਹਿਲਾਂ ਟੈਸਟ ਅਤੇ ਬਾਅਦ ਵਿੱਚ ਮੁੱਖ ਲਿਖਤੀ ਟੈਸਟ ਕਲੀਅਰ ਕਰਨ ਤੋਂ ਬਾਅਦ ਇੰਟਰਵਿਊ ਪਾਸ ਕੀਤੀ ਅਤੇ ਉਸ ਨੂੰ ਯੂ ਪੀ ਐੱਸ ਸੀ ਵਿੱਚ ਸਾਇੰਟਿਸਟ ਚੁਣ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ਿਫਾਲੀ ਬਾਂਸਲ ਨੇ ਕਮਿਸਟਰੀ ਬ੍ਰਾਂਚ ਵਿੱਚ ਟੈਸਟ ਦਿੱਤਾ ਸੀ, ਜਿਸ ਵਿੱਚ ਉਸ ਨੂੰ ਬਹੁਤ ਵੱਡੀ ਸਫ਼ਲਤਾ ਮਿਲੀ। ਜਾਣਕਾਰੀ ਮੁਤਾਬਕ ਇਸ ਵਿੱਚ ਪੂਰੇ ਭਾਰਤ ਵਿਚ ਸਿਰਫ਼ 5 ਪੋਸਟਾਂ ਹੀ ਸਨ, ਜਿਨ੍ਹਾਂ ਵਿੱਚ ਸ਼ਿਫਾਲੀ ਬਤੌਰ ਜੀਈਓ ਸਾਇੰਟਿਸਟ ਏ- ਗ੍ਰੇਡ ਜੁਆਇਨ ਕਰੇਗੀ। ਸ਼ਿਫਾਲੀ ਆਪਣੀ ਇਸ ਪ੍ਰਾਪਤੀ ਦਾ ਸ਼ਿਹਰਾ ਆਪਣੇ ਪਿਤਾ ਕ੍ਰਿਸ਼ਨ ਚੰਦ ਬਾਂਸਲ, ਮਾਤਾ ਨੀਲਮ ਬਾਂਸਲ, ਛੋਟੇ ਭਰਾ ਲਵਿਸ਼ ਬਾਂਸਲ ਦੇ ਨਾਲ ਨਾਲ ਉਨ੍ਹਾਂ ਦੇ ਲੈਕਚਰਾਰ ਤੇ ਪ੍ਰੋਫੈਸਰਾਂ ਨੂੰ ਦਿੱਤਾ।

