ਇੰਡੀਅਨ ਨੈਸ਼ਨਲ ਲੋਕਦਲ ਦੇ ਕੌਮੀ ਪ੍ਰਧਾਨ ਅਭੈ ਸਿੰਘ ਚੌਟਾਲਾ ਨੇ ਅੱਜ ਰਾਣੀਆਂ ਅਤੇ ਏਲਨਾਬਾਦ ਦੇ ਪਿੰਡ ਮੱਲੇਕਾ ਵਿੱਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਗਾਮੀ 25 ਸਤੰਬਰ ਨੂੰ ਰੋਹਤਕ ਵਿੱਚ ਹੋਣ ਵਾਲੇ ਜਨਨਾਇਕ ਚੌਧਰੀ ਦੇਵੀ ਲਾਲ ਜੈਅੰਤੀ ਸਮਾਰੋਹ ਵਿੱਚ ਪਹੁੰਚਣ ਦਾ ਸੱਦਾ ਦਿੱਤਾ। ਸ੍ਰੀ ਚੌਟਾਲਾ ਨੇ ਕਿਹਾ ਕਿ ਉਹ ਸੱਤਾ ਦੇ ਭੁੱਖੇ ਨਹੀਂ ਸਗੋਂ ਲੋਕ ਸੇਵਾ ਦੇ ਭੁੱਖੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ 2019 ਵਿੱਚ ਹੀ ਭਾਜਪਾ ਤੋਂ ਸੱਤਾ ਖੋਹ ਲਈ ਸੀ ਪਰ ਚੌਧਰੀ ਦੇਵੀ ਲਾਲ ਦੀਆਂ ਨੀਤੀਆਂ 'ਤੇ ਚੱਲਣ ਦਾ ਸੰਕਲਪ ਲੈਣ ਵਾਲੇ ਲੋਕਾਂ ਨੇ ਉਨ੍ਹਾਂ ਦੀਆਂ ਨੀਤੀਆਂ ਅਤੇ ਸਿਧਾਂਤਾਂ ਨੂੰ ਵੇਚ ਦਿੱਤਾ ਅਤੇ ਭਾਜਪਾ ਦੀ ਗੋਦ ਵਿੱਚ ਬੈਠ ਗਏ ਜਿਸ ਨਾਲ ਭਾਜਪਾ ਫਿਰ ਸੱਤਾ ’ਤੇ ਕਾਬਜ਼ ਹੋ ਗਈ। ਉਨ੍ਹਾਂ ਕਿਹਾ ਕਿ ਭੁਪਿੰਦਰ ਸਿੰਘ ਹੁੱਡਾ ਨੇ ਵੀ ਭਾਜਪਾ ਦੀ ਬੀ ਟੀਮ ਬਣ ਕੇ ਭਾਜਪਾ ਨੂੰ ਸੱਤਾ ਵਿੱਚ ਲਿਆਉਣ ਦਾ ਕੰਮ ਕੀਤਾ। ਸ੍ਰੀ ਚੌਟਾਲਾ ਨੇ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਦੇ ਰਾਜ ਵਿੱਚ ਬੇਰੁਜ਼ਗਾਰੀ, ਨਸ਼ਾਖੋਰੀ ਅਤੇ ਅਪਰਾਧ ਵਧੇ ਹਨ, ਸਮਾਜ ਦਾ ਹਰ ਵਰਗ ਇਸ ਤੋਂ ਪ੍ਰੇਸ਼ਾਨ ਹੈ ਅਤੇ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ। ਇਨੈਲੋ ਦੇ ਰਾਸ਼ਟਰੀ ਪ੍ਰਧਾਨ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਕਾਰੋਬਾਰੀਆਂ ਤੋਂ ਪੈਸੇ ਵਸੂਲਣ ਲਈ ਗੈਂਗਸਟਰਾਂ ਵੱਲੋਂ ਜੇਲ੍ਹਾਂ ਵਿੱਚੋਂ ਗੋਲੀ ਮਾਰਨ ਦਾ ਵਰਤਾਰਾ ਵੀ ਭਾਜਪਾ ਦੇ ਸ਼ਾਸਨਕਾਲ ਦੌਰਾਨ ਸ਼ੁਰੂ ਹੋਇਆ ਪਰ ਇਨੈਲੋ ਵਿੱਚ ਸਾਰੇ ਵਰਗਾਂ ਦੇ ਹਿੱਤ ਸੁਰੱਖਿਅਤ ਹਨ। ਇਸ ਦੌਰਾਨ ਉਨ੍ਹਾਂ ਸਾਰੇ ਪਾਰਟੀ ਵਰਕਰਾਂ ਨੂੰ ਚੌਧਰੀ ਦੇਵੀ ਲਾਲ ਜੈਅੰਤੀ ਸਮਾਰੋਹ ਵਿੱਚ ਵੱਡੀ ਸੰਖਿਆ ਵਿੱਚ ਪਹੁੰਚਣ ਦੀ ਅਪੀਲ ਕੀਤੀ।
+
Advertisement
Advertisement
Advertisement
Advertisement
×