ਪੈਨਲ ਮੀਟਿੰਗ ਰੱਦ ਹੋਣ ਮਗਰੋਂ ਬੇਰੁਜ਼ਗਾਰ ਸੰਘਰਸ਼ ਦੇ ਰੌਂਅ ’ਚ
ਸਰਕਾਰ ਨਾਲ ਮੀਟਿੰਗ ਵਾਲੇ ਪੱਤਰ ਫੂਕ ਕੇ ਨਾਅਰੇਬਾਜ਼ੀ ਕੀਤੀ
ਬੇਰੁਜ਼ਗਾਰਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਕਰਨ ਮਗਰੋਂ ਵੀ ਮਿਲੀਆਂ ਮੀਟਿੰਗਾਂ ਰੱਦ ਹੋਣ ਦੇ ਰੋਸ ਵਿੱਚ ਅੱਜ ਸਥਾਨਕ ਚਿੰਟੂ ਪਾਰਕ ਨੇੜੇ ਮੀਟਿੰਗ ਦੇ ਪੱਤਰ ਫੂਕ ਕੇ ਪ੍ਰਦਰਸ਼ਨ ਕੀਤਾ। ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਰੁਜ਼ਗਾਰ ਉਡੀਕਦੇ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ 7 ਦਸੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਸੰਗਰੂਰ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਬੇਰੁਜ਼ਗਾਰਾਂ ਦੀ ਮੰਗ ਸੀ ਕਿ ਸਿੱਖਿਆ ਤੇ ਸਿਹਤ ਵਿਭਾਗ ਵਿੱਚ ਸਾਰੀਆਂ ਖਾਲੀ ਅਸਾਮੀਆਂ ਦੀ ਭਰਤੀ ਸ਼ੁਰੂ ਕੀਤੀ ਜਾਵੇ। ਮੁੱਖ ਮੰਤਰੀ ਵੱਲੋਂ ਕੀਤੇ ਵਾਅਦੇ ਅਨੁਸਾਰ ਉਮਰ ਹੱਦ ਛੋਟ ਦਿੱਤੀ ਜਾਵੇ ਪਰੰਤੂ ਕਰੀਬ ਪੌਣੇ ਚਾਰ ਸਾਲ ਦੀ ਬੀਤਣ ਉਪਰੰਤ ਵੀ ਸਿੱਖਿਆ ਵਿਭਾਗ ਵਿੱਚ ਇੱਕ ਵੀ ਅਸਾਮੀ ਜਾਰੀ ਨਹੀਂ ਹੋਈ। ਇਸ ਦੇ ਰੋਸ ਵਿੱਚ ਬੇਰੁਜ਼ਗਾਰਾਂ ਨੇ ਮੰਗ ਕੀਤੀ ਕਿ ਮੀਟਿੰਗ ਸਿੱਖਿਆ ਅਤੇ ਸਿਹਤ ਮੰਤਰੀ ਨਾਲ ਕਰਵਾਈ ਜਾਵੇ। ਸੰਗਰੂਰ ਪ੍ਰਸ਼ਾਸਨ ਵੱਲੋਂ 7 ਦਸੰਬਰ ਨੂੰ ਦਿੱਤੀ ਹੋਈ ਮੀਟਿੰਗ ਅਨੁਸਾਰ 10 ਦਸੰਬਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਮੀਟਿੰਗ ਹੋਣੀ ਨਿਸ਼ਚਿਤ ਹੋਈ ਸੀ ਪ੍ਰੰਤੂ 9 ਦਸੰਬਰ ਦੀ ਸ਼ਾਮ ਨੂੰ ਸੂਚਨਾ ਮਿਲੀ ਕਿ ਪੈਨਲ ਮੀਟਿੰਗ ਰੱਦ ਹੈ। ਅੱਜ ਸਥਾਨਕ ਚਿੰਟੂ ਪਾਰਕ ਪਾਰਕ ਵਿੱਚ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਇਕੱਠੇ ਹੋਏ ਬੇਰੁਜ਼ਗਾਰਾਂ ਨੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਮੀਟਿੰਗ ਸਬੰਧੀ ਜਾਰੀ ਪੱਤਰ ਨੂੰ ਰੱਦੀ ਦਾ ਟੁਕੜਾ ਦੱਸਦੇ ਹੋਏ ਫੂਕਿਆ ਗਿਆ। ਆਗੂਆਂ ਨੇ ਕਿਹਾ ਕਿ ਸਿਹਤ ਮੰਤਰੀ ਨਾਲ 15 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਰੱਦ ਕੀਤੀ ਗਈ ਤਾਂ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ।

