ਉਗਰਾਹਾਂ ਜਥੇਬੰਦੀ ਨੇ ਕਿਸਾਨਾਂ ਨੂੰ ਬੀਜ ਵੰਡੇ
ਕੇਂਦਰ ਤੇ ਪੰਜਾਬ ਸਰਕਾਰ ਤੋਂ ਹੜ੍ਹ ਪੀੜਤਾਂ ਲਈ ਸੌ ਫੀਸਦੀ ਮੁਆਵਜ਼ੇ ਦੀ ਮੰਗ
ਪੰਜਾਬ ਪੱਧਰ ’ਤੇ ਬਣੀ ਹੜ੍ਹ ਪੀੜਤ ਸਹਾਇਤਾ ਕਮੇਟੀ ਦੀ ਅਗਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਸੂਬਾ ਕਮੇਟੀ ਵੱਲੋਂ ਪਿੰਡਾਂ ਵਿੱਚ ਖਾਣ ਲਈ ਕਣਕ, ਪਹਿਨਣ ਲਈ ਕੱਪੜੇ, ਪਸ਼ੂਆਂ ਲਈ ਚਾਰਾ ਵੰਡਣ ਉਪਰੰਤ ਹੜ੍ਹਾਂ ਦੀ ਮਾਰ ਹੇਠ ਆਈਆਂ ਜ਼ਮੀਨਾਂ ਪੱਧਰ ਕਰਨ ਉਪਰੰਤ ਹੁਣ ਅਗਲੇ ਪੜਾਅ ਵਿੱਚ ਇਸ ਖ਼ੇਤਰ ਦੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਬੀਜ ਵੰਡਣ ਲਈ ਸਹਾਇਤਾ ਕੈਂਪ ਪਿੰਡ ਗਾਗਨ ਕੇ ਵਿਖੇ ਲਗਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਨਰਲ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਕਣਕ ਦੀ ਬਿਜਾਈ ਦਾ ਇਹ ਬੀਜ ਇੱਕ ਮਰਲੇ ਤੋਂ ਲੈ ਕੇ 9 ਏਕੜ ਤੱਕ ਦੀ ਜ਼ਮੀਨ ਦੀ ਕੁੱਲ ਬਿਜਾਈ ਵਾਸਤੇ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਗੁਲਾਬਾ ਭੈਣੀ, ਤੇਜਾ ਰੁਹੇਲਾ, ਮੁਹਾਰ ਜਮਸ਼ੇਰ, ਢਾਣੀ ਲਾਭ ਸਿੰਘ, ਦੋਨਾ ਨਾਨਕਾ ਤੇ ਚੱਕ ਰੁਹੇਲਾ ਵਿੱਚ 1200 ਹੜ੍ਹ ਪੀੜਤ ਪਰਿਵਾਰਾਂ ਲਈ 2500 ਗੱਟਾ ਕਣਕ ਦਾ ਬੀਜ 2500 ਏਕੜ ਪੈਲੀ ਲਈ ਵੰਡਿਆ ਗਿਆ ਹੈ। ਉਗਰਾਹਾਂ ਜਥੇਬੰਦੀ ਦੇ ਮੋਗਾ, ਬਠਿੰਡਾ, ਮਾਨਸਾ, ਫਰੀਦਕੋਟ ਤੇ ਫਾਜ਼ਿਲਕਾ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਅਮਰਜੀਤ ਸਿੰਘ ਸੈਦੋਕੇ, ਜੋਗਿੰਦਰ ਸਿੰਘ ਦਿਆਲਪੁਰਾ, ਤਾਰਾ ਸਿੰਘ ਰੋੜੀ ਕਪੂਰਾ ਤੇ ਗੁਰਭੇਜ ਸਿੰਘ ਰੋਹੀਵਾਲਾ ਦੀ ਅਗਵਾਈ ਵਿੱਚ ਪਿੰਡਾਂ ਵਿੱਚ ਜਾ ਕੇ ਲੋੜਵੰਦ ਕਿਸਾਨਾਂ ਤੱਕ ਬੀਜ ਪੁਜਦਾ ਕੀਤਾ ਹੈ। ਜਦਕਿ ਸਹਾਇਤਾ ਕਮੇਟੀ ਵਿੱਚ ਸ਼ਾਮਲ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਕ੍ਰਿਸ਼ਨ ਸਿੰਘ ਤੇ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਚਾਰ ਪਿੰਡਾਂ ਵਿੱਚ ਖ਼ੇਤ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਦੇ ਘਰੋਂ ਘਰੀ ਜਾ ਕੇ ਰਸੋਈ ਦੀਆਂ ਕਿੱਟਾਂ ਵੰਡਣ ਦਾ ਉੱਦਮ ਕੀਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਹੜ੍ਹ ਨੂੰ ਕੁਦਰਤੀ ਆਫ਼ਤ ਐਲਾਨ ਕੇ ਹੜ੍ਹਾਂ ਦੀ ਮਾਰ ਵਿੱਚ ਆਏ ਲੋਕਾਂ ਨੂੰ ਸੌ ਫੀਸਦੀ ਮੁਆਵਜ਼ਾ ਦੇਵੇ। ਪਿੰਡਾਂ ਵਿੱਚ ਮੁਹਾਰ ਖੀਵਾ ਦੇ ਸਰਪੰਚ ਸਵਰਨ ਸਿੰਘ, ਮੁਹਾਰ ਜਮਸ਼ੇਰ ਦੇ ਸਰਪੰਚ ਵੀਰ ਸਿੰਘ, ਤੇਜਾ ਰੁਹੇਲਾ ਦੇ ਪੰਚ ਵਾਹਿਗੁਰੂ ਪਾਲ ਸਿੰਘ ਨੇ ਜਥੇਬੰਦੀ ਵੱਲੋਂ ਪੀੜਤ ਕਿਸਾਨਾਂ ਦੀ ਵੱਡੇ ਪੱਧਰ ਤੇ ਕੀਤੀ ਜਾ ਰਹੀ ਮੱਦਦ ਤੇ ਵੰਡ ਪ੍ਰਣਾਲੀ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।

