ਇੱਥੇ ਮੁਕਤਸਰ ਰੋਡ ’ਤੇ 17 ਸਤੰਬਰ ਨੂੰ ਇੱਕ ਕਰਿਆਨਾ ਦੁਕਾਨਦਾਰ ਤੋਂ ਕਥਿਤ ਪਿਸਤੌਲ ਨਾਲ ਡਰਾ ਕੇ ਚਾਰ ਹਜ਼ਾਰ ਰੁਪਏ ਨਕਦੀ ਖੋਹਣ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਅੱਜ ਜੈਤੋ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਗਰੋਹ ਦੇ ਤੀਜੇ ਮੈਂਬਰ ਦੀ ਵੀ ਸ਼ਨਾਖ਼ਤ ਕਰ ਲਈ ਗਈ ਹੈ ਅਤੇ ਉਸ ਨੂੰ ਕਾਬੂ ਕਰਨ ਲਈ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ। ਇਹ ਅਹਿਮ ਖੁਲਾਸਾ ਐੱਸ ਪੀ (ਜਾਂਚ) ਫ਼ਰੀਦਕੋਟ ਸੰਦੀਪ ਕੁਮਾਰ ਨੇ ਅੱਜ ਸ਼ਾਮ ਨੂੰ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਨਾਲ ਡੀ ਐੱਸ ਪੀ ਜੈਤੋ ਮਨੋਜ ਕੁਮਾਰ ਅਤੇ ਐੱਸ ਐੱਚ ਓ ਜੈਤੋ ਨਵਪ੍ਰ੍ਰੀਤ ਸਿੰਘ ਵੀ ਮੌਜੂਦ ਸਨ। ਐੱਸ ਪੀ ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਗੁਰਪਿਆਰ ਸਿੰਘ ਉਰਫ਼ ਖੱਡੂ ਵਾਸੀ ਪਿੰਡ ਸਮਾਲਸਰ ਅਤੇ ਸੁਲਤਾਨ ਜੈਤੋ ਸਥਿਤ ਮੁਕਤਸਰ ਰੋਡ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ 2 ਪਿਸਤੌਲ .32 ਬੋਰ ਸਮੇਤ 1 ਜ਼ਿੰਦਾ ਰੌਂਦ ਅਤੇ ਵਾਰਦਾਤ ਲਈ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
ਉਨ੍ਹਾਂ ਹੋਰ ਦੱਸਿਆ ਕਿ ਵਾਰਦਾਤ ਤੋਂ ਬਾਅਦ ਮੁਲਜ਼ਮਾਂ ਦਾ ਖੁਰਾ ਨੱਪਣ ਲਈ ਡੀ ਐੱਸ ਪੀ (ਜਾਂਚ) ਫ਼ਰੀਦਕੋਟ ਅਰੁਣ ਮੁੰਡਨ ਅਤੇ ਡੀ ਐੱਸ ਪੀ ਜੈਤੋ ਮਨੋਜ ਕੁਮਾਰ ਦੀ ਨਿਗਰਾਨੀ ਹੇਠ ਥਾਣਾ ਜੈਤੋ ਅਤੇ ਸੀਆਈਏ ਸਟਾਫ਼ ਜੈਤੋ ਦੀਆਂ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਅੱਜ ਥਾਣਾ ਜੈਤੋ ਦੀ ਪੁਲੀਸ ਪਾਰਟੀ ਜਦੋਂ ਜੈਤੋ ਬਾਈਪਾਸ ’ਤੇ ਮੌਜੂਦ ਸੀ, ਤਾਂ ਸਾਹਮਣਿਓਂ ਮੋਟਰਸਾਈਕਲ ’ਤੇ ਆ ਰਿਹਾ ਗੁਰਪਿਆਰ ਸਿੰਘ ਉਰਫ ਖੱਡੂ ਨੇ ਪੁਲੀਸ ਨੂੰ ਵੇਖ ਕੇ ਖਿਸਕਣ ਦੀ ਕੋਸ਼ਿਸ਼ ਕੀਤੀ, ਪਰ ਪੁਲੀਸ ਪਾਰਟੀ ਨੇ ਮੁਸਤੈਦੀ ਵਰਤ ਕੇ ਉਸ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਖੱਡੂ ਕੋਲੋਂ ਮੌਕੇ ’ਤੇ ਹਥਿਆਰ ਅਤੇ ਮੋਟਰਸਾਈਕਲ ਬਰਾਮਦ ਕੀਤੇ ਗਏ। ਉਨ੍ਹਾਂ ਕਿਹਾ ਕਿ ਖੱਡੂ ਦੀ ਨਿਸ਼ਾਨਦੇਹੀ ’ਤੇ ਵਾਰਦਾਤ ਵਿੱਚ ਸ਼ਾਮਿਲ ਉਸ ਦੇ ਇੱਕ ਹੋਰ ਸਾਥੀ ਸੁਲਤਾਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਐੱਸ ਪੀ ਸੰਦੀਪ ਕੁਮਾਰ ਨੇ ਅੱਗੇ ਦੱਸਿਆ ਕਿ ਖੱਡੂ ਨੇ ਲੰਘੀ 10 ਸਤੰਬਰ ਨੂੰ ਜੈਤੋ ਦੇ ਚੈਨਾ ਬਾਜ਼ਾਰ ਦੀਆਂ 2 ਦੁਕਾਨਾਂ ਤੋਂ ਖੋਹ ਕਰਨ ਦੀ ਕੋਸ਼ਿਸ ਕੀਤੀ ਸੀ ਪਰ ਅਸਫ਼ਲ ਰਿਹਾ। ਉਨ੍ਹਾਂ ਕਿਹਾ ਕਿ ਖੱਡੂ ਦਾ ਪੁਰਾਣਾ ਰਿਕਾਰਡ ਵੀ ਅਪਰਾਧਿਕ ਹੈ ਅਤੇ ਉਸ ਖ਼ਿਲਾਫ਼ ਚੋਰੀ, ਨਸ਼ਾ ਤਸਕਰੀ, ਅਸਲਾ ਐਕਟ, ਖੋਹ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਮੋਗਾ, ਜਲੰਧਰ (ਦਿਹਾਤੀ) ਅਤੇ ਫ਼ਰੀਦਕੋਟ ’ਚ 4 ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਵਾਰਦਾਤ ਵਿੱਚ ਸ਼ਾਮਲ ਤੀਜੇ ਮੁਲਜ਼ਮ ਦੀ ਪਛਾਣ ਹੋ ਚੁੱਕੀ ਹੈ ਅਤੇ ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।