ਦੋ ਸਿਆਸੀ ਪਾਰਟੀਆਂ ਵੱਲੋਂ ਅੰਗਰੇਜ਼ ਸਿੰਘ (ਗੋਰਾ ਮੱਤਾ) ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਛੇੜਨ ਦੀ ਚਿਤਾਵਨੀ ਦਿੱਤੀ ਗਈ ਹੈ। ਇੱਥੇ ਪ੍ਰੈੱਸ ਸੰਮੇਲਨ ਦੌਰਾਨ ਯੂਨਾਈਟਿਡ ਅਕਾਲੀ ਦਲ ਦੇ ਮੁਖੀ ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਸਹੋਤਾ ਨੇ ਕਿਹਾ ਕੁਝ ਮਹੀਨੇ ਪਹਿਲਾਂ ਬਿਨਾਂ ਕਿਸੇ ਦੋਸ਼ ਤੋਂ ਮਜ਼ਦੂਰ ਆਗੂ ਗੋਰਾ ਮੱਤਾ ’ਤੇ ਪੁਲੀਸ ਵੱਲੋਂ ਕਥਿਤ ਤੌਰ ’ਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਸੀ, ਜਿਸ ਵਿੱਚ ਇੱਕ ਡੀਐੱਸਪੀ ਅਤੇ ਦੋ ਇੰਸਪੈਕਟਰਾਂ ਦਾ ਹੱਥ ਸੀ। ਉਨ੍ਹਾਂ ਆਖਿਆ ਕਿ ਗੋਰਾ ਮੱਤਾ ਉਦੋਂ ਤੋਂ ਹੀ ਸੀਨੀਅਰ ਪੁਲੀਸ ਅਧਿਕਾਰੀਆਂ ਪਾਸੋਂ ਨਿਆਂ ਦੀ ਮੰਗ ਕਰਦਾ ਹੈ, ਪਰ ਉਸ ਦੀ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਇਹ ਮਜ਼ਦੂਰ ਆਗੂ ਦੀ ਲੜਾਈ ਇਕੱਲੇ ਦੀ ਨਹੀਂ, ਸਗੋਂ ਇਹ ਪੂਰੇ ਪੰਜਾਬ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਇਨਸਾਫ਼ ਲੈਣ ਲਈ ਪੰਜਾਬ ਪੱਧਰ ’ਤੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਛੇਤੀ ਹੀ ਅਗਲੇ ਦਿਨੀਂ ਐੱਸਐੱਸਪੀ ਦਫ਼ਤਰ ਫ਼ਰੀਦਕੋਟ ਦਾ ਘਿਰਾਓ ਵੀ ਕੀਤਾ ਜਾਵੇਗਾ। ਦੱਸਿਆ ਗਿਆ ਕਿ ਧਰਨੇ ਵਾਲੇ ਐਕਸ਼ਨ ਨੂੰ ਗੁਪਤ ਰੱਖਿਆ ਜਾਵੇਗਾ, ਤਾਂ ਕਿ ਪੁਲੀਸ ਵੱਲੋਂ ਅਗਾਊਂ ਗਿ੍ਰਫ਼ਤਾਰੀਆਂ ਦੇ ਪ੍ਰੋਗਰਾਮ ਨੂੰ ਠੁੱਸ ਕੀਤਾ ਜਾ ਸਕੇ।
ਗੋਰਾ ਮੱਤਾ ਨੇ ਹੱਡਬੀਤੀ ਬਿਆਨਦਿਆਂ ਦੱਸਿਆ ਕਿ ਇਹ ਘਟਨਾ 31 ਜਨਵਰੀ 2025 ਦੀ ਹੈ। ਉਹ ਜੈਤੋ ਸਥਿਤ ਬੀਡੀਪੀਓ ਦਫ਼ਤਰ ਅੱਗੇ ਮਨਰੇਗਾ ਮਜ਼ਦੂਰਾਂ ਵੱਲੋਂ ਦਿੱਤੇ ਜਾਣ ਵਾਲੇ ਧਰਨੇ ’ਚ ਸ਼ਾਮਲ ਹੋਣ ਲਈ ਆਪਣੇ ਪਿੰਡੋਂ ਮੱਤੇ ਤੋਂ ਆ ਰਿਹਾ ਸੀ ਕਿ ਰਸਤੇ ’ਚ ਜੈਤੋ ਦੀ ਦਾਣਾ ਮੰਡੀ ਨੇੜਲੇ ਰਜਬਾਹੇ ਦੇ ਪੁਲ ’ਤੇ ਲੱਗੇ ਪੁਲੀਸ ਦੇ ਨਾਕੇ ’ਤੇ ਉਸ ਨੂੰ ਪੁਲੀਸ ਨੇ ਕਥਿਤ ਹਿਰਾਸਤ ’ਚ ਲੈ ਲਿਆ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਕਾਲੇ ਸ਼ੀਸ਼ਿਆਂ ਵਾਲੀ ਪ੍ਰਾਈਵੇਟ ਗੱਡੀ ’ਤੇ ਫ਼ਰੀਦਕੋਟ ਸਥਿਤ ਚਹਿਲਾਂ ਵਾਲੇ ਪੁਲ ਤੱਕ ਲਿਜਾਇਆ ਗਿਆ। ਉਥੋਂ ਅੱਖਾਂ ’ਤੇ ਕੱਪੜਾ ਬੰਨ੍ਹ ਕੇ ਇਕ ਬਿਲਡਿੰਗ ’ਚ ਲਿਜਾ ਕੇ ਕਥਿਤ ਥਰਡ ਡਿਗਰੀ ਟਾਰਚਰ ਕੀਤਾ ਗਿਆ ਅਤੇ ਅ/ਧ 107/151 ਤਹਿਤ ਗ੍ਰਿਫ਼ਤਾਰੀ ਪਾ ਕੇ ਫ਼ਰੀਦਕੋਟ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਅ, ਜਿੱਥੋਂ ਸੱਤ ਦਿਨਾਂ ਬਾਅਦ ਜ਼ਮਾਨਤ ਸੰਭਵ ਹੋ ਸਕੀ।
ਇਸ ਮੌਕੇ ਕਰਮਜੀਤ ਸਿੰਘ ਪੱਕਾ, ਜਸਵੰਤ ਸਿੰਘ ਜੈਤੋ, ਗੁਰਤੇਜ ਸਿੰਘ ਬਿੱਟੂ, ਪਰਮਜੀਤ ਸਿੰਘ ਪੱਪਾ, ਨਛੱਤਰ ਸਿੰਘ, ਗੁਰਸੇਵਕ ਸਿੰਘ, ਸਾਜਨ ਸਿੰਘ, ਰਾਜੀਵ ਸਿੰਘ, ਬਹਾਦਰ ਸਿੰਘ, ਗੁਰਦੇਵ ਸਿੰਘ ਗੋਰਾ, ਜਲੰਧਰ ਸਿੰਘ ਮੱਤਾ, ਬੀਰ ਸਿੰਘ ਰੋਮਾਣਾ, ਗੋਬਿੰਦ, ਵੀਰੂ ਸਿੰਘ, ਗੌਰਵ ਆਦਿ ਹਾਜ਼ਰ ਸਨ।