ਇਥੇ ਸ਼ਹਿਰ ਵਿੱਚੋਂ ਵੱਖ-ਵੱਖ ਥਾਵਾਂ ਤੋਂ ਸ਼ੱਕੀ ਹਾਲਾਤ ਵਿੱਚ ਦੋ ਲਾਸ਼ਾਂ ਬਰਾਮਦ ਹੋਣ ਦੇ ਮਾਮਲੇ ਸਾਹਮਣੇ ਆਏ ਹਨ ਜਿਸ ਕਾਰਨ ਲੋਕਾਂ ’ਚ ਦਹਿਸ਼ਤ ਹੈ। ਪਹਿਲੀ ਘਟਨਾ ਪਾਵਰ ਹਾਊਸ ਰੋਡ ’ਤੇ ਵਾਪਰੀ, ਜਿੱਥੇ 25 ਸਾਲਾ ਨਵਜੋਤ ਸਿੰਘ ਵਾਸੀ ਰਾਜਸਥਾਨ ਦੀ ਸ਼ੱਕੀ ਹਾਲਾਤਤ ’ਚ ਮੌਤ ਹੋ ਗਈ। ਉਹ ਕਾਫੀ ਸਮੇਂ ਤੋਂ ਪੀਜੀ ਵਿੱਚ ਰਹਿ ਰਿਹਾ ਸੀ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਟੀਮ ਸੰਦੀਪ ਗੋਇਲ ਦੀ ਅਗਵਾਈ ਹੇਠ ਮੌਕੇ ’ਤੇ ਪਹੁੰਚੀ ਅਤੇ ਉਨ੍ਹਾਂ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ। ਇਸ ਮਾਮਲੇ ’ਚ ਥਾਣਾ ਸਿਵਲ ਲਾਈਨ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਤ ਦੇ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆਉਣਗੇ।
ਦੂਜੀ ਘਟਨਾ ਗੁਰਦੁਆਰਾ ਹਾਜੀ ਰਤਨ ਦੇ ਪਖਾਨੇ ’ਚ ਵਾਪਰੀ ਹੈ, ਜਿੱਥੇ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ। ਸਹਾਰਾ ਟੀਮ ਵੱਲੋਂ ਐਂਬੂਲੈਂਸ ਰਾਹੀਂ ਲਾਸ਼ ਨੂੰ ਮੋਰਚਰੀ ’ਚ ਰੱਖਵਾਇਆ ਗਿਆ। ਇਸ ਮਾਮਲੇ ’ਚ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਉਸ ਨੇ ਸਿਰਫ਼ ਪਜਾਮਾ ਪਹਿਨਿਆ ਹੋਇਆ ਸੀ। ਪੁਲੀਸ ਵੱਲੋਂ ਸ਼ਨਾਖ਼ਤ ਲਈ ਯਤਨ ਕੀਤੇ ਜਾ ਰਹੇ ਹਨ।
ਇਸ ਤੋਂ ਇਲਾਵਾ, ਸਥਾਨਕ ਰਿੰਗ ਰੋਡ ’ਤੇ ਅਚਾਨਕ ਅੱਗੇ ਬਾਂਦਰ ਜਾਣ ਕਾਰਨ ਦੋ ਮੋਟਰਸਾਈਕਲ ਸਵਾਰ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਘਟਨਾ ਵਿੱਚ 45 ਸਾਲਾ ਚਰਨਜੀਤ ਸਿੰਘ ਪੁੱਤਰ ਕਰਤਾਰ ਸਿੰਘ, ਵਾਸੀ ਬਹਿਮਣ ਦੀਵਾਨਾ ਅਤੇ 21 ਸਾਲਾ ਦੀਪਕ ਗੋਇਲ ਪੁੱਤਰ ਪ੍ਰਦੀਪ ਕੁਮਾਰ, ਵਾਸੀ ਪਰਸ ਰਾਮ ਨਗਰ, ਗੰਭੀਰ ਜ਼ਖ਼ਮੀ ਹੋ ਗਏ। ਸਹਾਰਾ ਟੀਮ ਵੱਲੋਂ ਦੋਵਾਂ ਨੂੰ ਐਂਬੂਲੈਂਸ ਰਾਹੀਂ ਐਮਰਜੈਂਸੀ ਵਾਰਡ ’ਚ ਪਹੁੰਚਾਇਆ ਗਿਆ, ਜਿੱਥੇ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।