ਲੁੱਟ-ਖੋਹ ਕਰਨ ਵਾਲੇ ਅੰਤਰ-ਰਾਜੀ ਗਰੋਹ ਦੇ ਦੋ ਮੈਂਬਰ ਕਾਬੂ
ਪੁਲੀਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਅੰਤਰ-ਰਾਜੀ ਗਰੋਹ ਦੇ ਮੈਬਰਾਂ ਨੂੰ ਗ੍ਰਿਫ਼ਤਾਰ ਕਰ ਕੇ 40 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਥਾਣਾ ਧਨੌਲਾ ਦੇ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਤਿੰਨ ਜੁਲਾਈ ਨੂੰ ਕਿਰਨਾਂ ਰਾਣੀ ਗੋਲਡ ਲੋਨ ਤੋਂ ਪ੍ਰਾਪਤ ਕੀਤੇ 2.30 ਲੱਖ ਰੁਪਏ ਲੈ ਕੇ ਆਪਣੇ ਲੜਕੇ ਰੋਹਿਤ ਕੁਮਾਰ ਨਾਲ ਸਕੂਟਰ ’ਤੇ ਬਡਰੁੱਖਾਂ ਜਾ ਰਹੀ ਸੀ। ਉਹ ਜਦੋਂ ਧਨੌਲੇ ਪਹੁੰਚੇ ਤਾਂ ਪਿੱਛੋਂ ਤੋਂ ਆ ਰਹੇ ਅਣਪਛਾਤੇ ਮੋਟਰਸਾਈਕਲ ਸਵਾਰ ਦੋ ਜਣੇ ਉਨ੍ਹਾਂ ਕੋਲੋਂ ਨਗਦੀ ਖੋਹ ਕੇ ਫ਼ਰਾਰ ਹੋ ਗਏ। ਕਿਰਨਾਂ ਰਾਣੀ ਨੇ ਇਸ ਘਟਨਾ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਤੇ ਮੁਲਜ਼ਮਾਂ ਦੇ ਮੋਟਰਸਾਈਕਲ ਦਾ ਨੰਬਰ ਵੀ ਪੁਲੀਸ ਨੂੰ ਦਿੱਤਾ। ਇਸ ’ਤੇ ਕਾਰਵਾਈ ਕਰਦਿਆਂ ਪੁਲੀਸ ਗੁਪਤ ਸੂਚਨਾ ਦੇ ਆਧਾਰ ’ਤੇ ਸਾਹਿਦ ਆਲਮ ਵਾਸੀ ਹਠਖੋਲਾ (ਪੱਛਮੀਂ ਬੰਗਾਲ) ਅਤੇ ਇਕਰਮ ਹੁਸੈਨ ਵਾਸੀ ਦੱਖਣ ਕਲਾ ਡੁਬਾ (ਆਸਾਮ) ਨੂੰ ਕਾਬੂ ਕੀਤਾ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਧਨੌਲਾ ਵਿੱਚ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫ਼ਿਰਾਕ ’ਚ ਹਨ। ਪੁਲੀਸ ਨੇ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਰੋਕ ਕੇ ਪੁੱਛ-ਪੜਤਾਲ ਕੀਤੀ ਤੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ 40 ਹਜ਼ਾਰ ਰੁਪਏ ਬਰਾਮਦ ਕੀਤੇ। ਪੁਲੀਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਥਾਣਾ ਇੰਚਾਰਜ ਨੂੰ ਜਦੋਂ ਲੁੱਟੀ ਰਕਮ 2.30 ਲੱਖ ਰੁਪਏ ਵਿੱਚੋਂ ਸਿਰਫ਼ 40 ਹਜ਼ਾਰ ਬਰਾਮਦ ਕਰਨ ਬਾਰੇ ਪੁੱਛਿਆ ਤਾਂ ਉਹ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ। ਇਸ ਬਾਰੇ ਡੀਐੱਸਪੀ ਸਤਵੀਰ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਬਰਾਮਦ ਰਕਮ ਬਾਰੇ ਕੋਈ ਜਾਣਕਾਰੀ ਨਹੀਂ ਹੈ।