ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦੋ ਸਾਬਕਾ ਫ਼ੌਜੀਆਂ ਤੋਂ ਪੁਲੀਸ ’ਚ ਭਰਤੀ ਦੇ ਨਾਂ ’ਤੇ 5 ਲੱਖ ਠੱਗੇ

ਪੀੜਤਾਂ ਨੂੰ ਲਿਖਤੀ ਰੂਪ ’ਚ ਰਕਮ ਵਾਪਸ ਕਰਨ ਤੋਂ ਵੀ ਮੁੱਕਰਿਆ ਮੁਲਜ਼ਮ; ਕੇਸ ਦਰਜ
Advertisement

ਮਹਿੰਦਰ ਸਿੰਘ ਰੱਤੀਆਂ

ਮੋਗਾ, 17 ਜੂਨ

Advertisement

ਥਾਣਾ ਨਿਹਾਲ ਸਿੰਘ ਵਾਲਾ ਪੁਲੀਸ ਨੇ ਆਪਣੇ ਹੀ ਵਿਭਾਗ ਦੇ ਸਿਪਾਹੀ ਖ਼ਿਲਾਫ਼ ਦੋ ਸਾਬਕਾ ਫ਼ੌਜੀਆਂ ਨੂੰ ਵਿਭਾਗ ’ਚ ਭਰਤੀ ਕਰਵਾਉਣ ਦੇ ਨਾਂ ’ਤੇ ਪੰਜ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਸ ਕਾਰਵਾਈ ਤੋਂ ਪਹਿਲਾਂ ਮੁਲਜ਼ਮ ਸਿਪਾਹੀ ਨੇ ਪੀੜਤਾਂ ਨੂੰ ਲਿਖਤੀ ਰੂਪ ’ਚ ਰਕਮ ਵਾਪਸ ਕਰਨ ਦਾ ਵਾਅਦਾ ਕੀਤਾ ਪਰ ਉਹ ਇਸ ਤੋਂ ਵੀ ਮੁਕਰ ਗਿਆ। ਪੀੜਤ ਸਾਬਕਾ ਫ਼ੌਜੀ ਗੁਰਲਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਸਿਪਾਹੀ ਸ਼ਰੀਕੇ ਵਿੱਚ ਉਸਦਾ ਚਾਚਾ ਲੱਗਦਾ ਹੈ। ਉਹ ਅਤੇ ਉਸਦਾ ਸਾਥੀ ਸਚਾਨੰਦ ਪਿੰਡ ਪੱਖਰਵੱਢ ਸਾਲ 2021 ਵਿੱਚ ਭਾਰਤੀ ਫ਼ੌਜ ਵਿੱਚੋਂ ਸੇਵਾਮੁਕਤ ਹੋਏ ਸਨ। ਉਹ ਕਰੀਬ 7 ਮਹੀਨੇ ਪਹਿਲਾਂ ਅਕਤੂਬਰ 2024 ਵਿੱਚ ਜ਼ਿਲ੍ਹਾ ਸਕੱਤਰੇਤ ਵਿੱਚ ਅਸਲਾ ਲਾਇਸੈਂਸ ਬਣਾਉਣ ਲਈ ਅਰਜ਼ੀ ਦੇਣ ਆਏ ਸਨ। ਮੁਲਜ਼ਮ ਸਿਪਾਹੀ ਵੀ ਜ਼ਿਲ੍ਹਾ ਸਕੱਤਰੇਤ ਵਿੱਚ ਗਾਰਦ ਡਿਊਟੀ ਉੱਤੇ ਤਾਇਨਾਤ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਮੁਲਜ਼ਮ ਸਿਪਾਹੀ ਨੇ ਉਨ੍ਹਾਂ ਨੂੰ ਭਰਮਾ ਲਿਆ ਕਿ ਉਸਦੀ ਸੀਨੀਅਰ ਪੁਲੀਸ ਅਫ਼ਸਰਾਂ ਨਾਲ ਬਹੁਤ ਨੇੜਤਾ ਹੈ ਅਤੇ ਦੋਵਾਂ ਨੂੰ ਪੁਲੀਸ ਵਿਭਾਗ ਵਿੱਚ ਸਿਪਾਹੀ ਭਰਤੀ ਕਰਵਾਉਣ ਲਈ 10 ਲੱਖ ਰੁਪਏ ਦਾ ਸੌਦਾ ਤੈਅ ਕਰ ਲਿਆ। ਉਨ੍ਹਾਂ ਕੋਲੋਂ 5 ਲੱਖ ਰੁਪਏ ਦੀ ਰਾਸ਼ੀ ਪਹਿਲਾਂ ਹਾਸਲ ਕਰ ਲਈ ਜੋ ਉਨ੍ਹਾਂ ਮੁਲਜ਼ਮ ਦੇ ਬੈਂਕ ਖਾਤੇ ਵਿੱਚ ਪਾਈ ਸੀ। ਮੁਲਜ਼ਮ ਨੇ ਉਨ੍ਹਾਂ ਨੂੰ 6 ਮਹੀਨੇ ’ਚ ਭਰਤੀ ਕਰਵਾਉਣ ਦਾ ਭਰੋਸਾ ਦਿੱਤਾ ਪਰ ਛੇ ਮਹੀਨੇ ਬੀਤਣ ਮਗਰੋਂ ਉਹ ਟਾਲ-ਮਟੋਲ ਕਰਨ ਲੱਗਾ ਜਿਸ ’ਤੇ ਉਨ੍ਹਾਂ ਜ਼ਿਲ੍ਹਾ ਪੁਲੀਸ ਮੁਖੀ ਨੂੰ ਮੁਲਜ਼ਮ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੀ ਪੜਤਾਲ ਦੌਰਾਨ ਮੁਲਜ਼ਮ ਨੇ ਲਿਖਤੀ ਰੂਪ ਵਿੱਚ ਉਨ੍ਹਾਂ ਦੀ ਰਕਮ ਵਾਪਸ ਕਰਨਾ ਮੰਨ ਲਿਆ ਅਤੇ ਚੈੱਕ ਵੀ ਦੇ ਦਿੱਤੇ। ਡੇਢ ਮਹੀਨੇ ਬੀਤਣ ਮਗਰੋਂ ਉਹ ਵਾਅਦੇ ਉੱਤੇ ਖਰਾ ਨਾ ਉਤਰਿਆ ਤਾਂ ਉਨ੍ਹਾਂ ਮੁੜ ਪੁਲੀਸ ਨੂੰ ਸ਼ਿਕਾਇਤ ਦਿੱਤੀ ਅਤੇ ਉਨ੍ਹਾਂ ਵੱਲੋਂ ਅਦਾ ਕੀਤੀ ਗਈ ਰਕਮ ਤੇ ਹੋਰ ਸਬੂਤ ਤੇ ਦਸਤਾਵੇਜ਼ ਪੇਸ਼ ਕੀਤੇ। ਪੁਲੀਸ ਨੇ ਮੁੱਢਲੀ ਜਾਂਚ ਬਾਅਦ ਮੁਲਜ਼ਮ ਸਿਪਾਹੀ ਖ਼ਿਲਾਫ਼ ਕੇਸ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਲਦ ਹੀ ਹੋਵੇਗੀ ਮੁਲਜ਼ਮ ਦੀ ਗ੍ਰਿਫ਼ਤਾਰੀ: ਅਧਿਕਾਰੀ

ਡੀਐੱਸਪੀ ਨਿਹਾਲ ਸਿੰਘ ਵਾਲਾ (ਬੱਧਨੀ ਕਲਾਂ) ਅਨਵਰ ਅਲੀ ਅਤੇ ਥਾਣਾ ਨਿਹਾਲ ਸਿੰਘ ਵਾਲਾ ਦੇ ਮੁਖੀ ਪੂਰਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਸਿਪਾਹੀ ਕੁਲਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ਼ ਕਰ ਲਿਆ ਗਿਆ ਹੈ ਜਿਸਦੀ ਗ੍ਰਿਫ਼ਤਾਰੀ ਵੀ ਜਲਦੀ ਕਰ ਲਈ ਜਾਵੇਗੀ।

Advertisement