ਟਾਵਰ ਲਾਉਣ ਬਹਾਨੇ 70 ਲੱਖ ਠੱਗਣ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ
ਮਾਨਸਾ ਪੁਲੀਸ ਨੇ ਟਾਵਰ ਲਾਉਣ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 8,11000 ਰੁਪਏ ਨਗਦ, 6 ਮੋਬਾਈਲ ਫੋਨ, 4 ਸਿਮ ਕਾਰਡ, 1 ਲੈਪਟਾਪ, 1 ਪ੍ਰਿੰਟਰ, 2 ਜਾਅਲੀ ਮੋਹਰਾਂ, 19 ਏਟੀਐਮ ਕਾਰਡ, 10 ਬੈਂਕ ਪਾਸਬੁੱਕਾਂ, 2 ਜਾਅਲੀ ਨੌਕਰੀ ਇਕਰਨਾਮੇ ਲੈਟਰ ਤੇ 16 ਡਾਕਖਾਨੇ ਦੀਆਂ ਰਸੀਦਾਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਸੀਨੀਅਰ ਪੁਲੀਸ ਕਪਤਾਨ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਜਸਪਾਲ ਸਿੰਘ ਵਾਸੀ ਪਿੰਡ ਖੋਖਰ ਕਲਾਂ (ਮਾਨਸਾ) ਵੱਲੋਂ ਉਸ ਨਾਲ ਟਾਵਰ ਲਗਵਾਉਣ ਦੇ ਨਾਂ ’ਤੇ 70,82,373 ਰੁਪਏ ਦੀ ਠੱਗੀ ਮਾਰਨ ਸਬੰਧੀ ਸ਼ਿਕਾਇਤ ਪ੍ਰਾਪਤ ਹੋਈ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਾਇਬਰ ਕਰਾਇਮ ਮਾਨਸਾ ਵਿਚ ਸਾਹਿਲ ਕੁਮਾਰ ਉਰਫ ਗੋਰਾ, ਸੋਨੂ ਵਾਸੀ ਗੁੜਗਾਓਂ ਅਤੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ।
ਉਨ੍ਹਾਂ ਦੱਸਿਆ ਕਿ ਇੰਸਪੈਕਟਰ ਪੁਸ਼ਪਿੰਦਰ ਕੌਰ ਤੇ ਟੀਮ ਨੇ ਮੁਸਤੈਦੀ ਨਾਲ ਕੰਮ ਕਰਦੇ ਹੋਏ ਸਾਹਿਲ ਕੁਮਾਰ ਉਰਫ ਗੋਰਾ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ ਬਰਾਮਦਗੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਤਫਤੀਸ਼ ਤਰੁਣ ਕੁਮਾਰ ਨੂੰ ਨਾਮਜ਼ਦ ਕਰਕੇ ਇਸ ਗਰੋਹ ਦਾ ਪਰਦਾਫਾਸ਼ ਕੀਤਾ ਹੈ।
ਨਾਜਾਇਜ਼ ਅਸਲੇ ਤੇ ਕਾਰਤੂਸਾਂ ਸਣੇ ਇੱਕ ਕਾਬੂ
ਐੱਸਐੱਸਪੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਪੁਲੀਸ ਨੇ ਵੱਖਰੇ ਮਾਮਲੇ ’ਚ ਕੁਲਦੀਪ ਸਿੰਘ ਉਰਫ਼ ਲਾਡੀ ਵਾਸੀ ਭੀਖੀ ਨੂੰ ਇੱਕ ਪਿਸਤੌਲ ਤੇ ਕਾਰਤੂਸਾਂ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੁਲਦੀਪ ਸਿੰਘ ਦੀ ਨਿਸ਼ਾਨਦੇਹੀ ’ਤੇ 2 ਦੇਸੀ ਪਿਸਤੌਲ 32 ਬੋਰ ਤੇ 4 ਕਾਰਤੂਸ, 1 ਦੇਸੀ ਪਿਸਤੌਲ (ਕੱਟਾ) 315 ਬੋਰ ਸਮੇਤ 1 ਰੌਂਦ ਦੀ ਵੀ ਬਰਾਮਦਗੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਸੁਖਵੀਰ ਸਿੰਘ ਉਰਫ਼ ਸ਼ਨੀ ਨੂੰ ਇੱਕ ਵਰਨਾ ਕਾਰ ਤੇ 260 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਨਸ਼ਾ ਤਸਕਰ ਹਰਪਾਲ ਸਿੰਘ ਉਰਫ਼ ਵਾਸੀ ਧਲੇਵਾ ਨੂੰ ਮਹਾਂਰਾਸ਼ਟਰ ਦੇ ਹਵਾਈ ਅੱਡੇ ਤੋਂ ਕਾਬੂ ਕੀਤਾ ਗਿਆ ਹੈ, ਜਿਸ ਨੂੰ ਟਰਾਂਜ਼ਿਟ ਰਿਮਾਂਡ ’ਤੇ ਮਾਨਸਾ ਲਿਆਂਦਾ ਜਾ ਰਿਹਾ ਹੈ।