ਮਾਲਵਾ ਖੇਤਰ ਵਿੱਚ ਸਾਉਣੀ ਦੀ ਮੁੱਖ ਫ਼ਸਲ ਝੋਨੇ ’ਤੇ ਹਲਦੀ ਰੋਗ (ਝੂਠੀ ਕਾਂਗਿਆਰੀ) ਦਾ ਹਮਲਾ ਹੋ ਗਿਆ ਹੈ, ਜਿਸ ਤੋਂ ਘਬਰਾ ਕੇ ਅੰਨਦਾਤਾ ਸਪਰੇਆਂ ਕਰਨ ਲੱਗਿਆ ਹੈ। ਖੇਤੀ ਵਿਭਾਗ ਨੇ ਹਮਲੇ ਨੂੰ ਮੰਨਿਆ ਹੈ, ਪਰ ਕਿਸਾਨਾਂ ਨੂੰ ਕੀਟਨਾਸ਼ਕ ਨਾ ਛਿੜਕਣ ਦੀ ਸਲਾਹ ਦਿੱਤੀ ਹੈ। ਕਿਸਾਨਾਂ ਅਨੁਸਾਰ ਝੋਨੇ ਦੀ ਫ਼ਸਲ ਉੱਤੇ ਇਹ ਹਮਲਾ ਉਸ ਵੇਲੇ ਹੋਇਆ ਹੈ, ਜਦੋਂ ਫ਼ਸਲ ਬਿਲਕੁਲ ਪੱਕ ਕੇ ਤਿਆਰ ਹੈ ਅਤੇ ਖੇਤਾਂ ਵਿੱਚ ਕੰਬਾਈਨਾਂ ਰਾਹੀਂ ਫ਼ਸਲ ਨੂੰ ਵੱਢਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮੀਂਹਾਂ ਤੋਂ ਬਾਅਦ ਪੈਣ ਲੱਗੀ ਇੱਕਦਮ ਗਰਮੀ ਨੇ ਝੋਨੇ ਦੀ ਫ਼ਸਲ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਵਿੱਚ ਉਲਝਾ ਲਿਆ ਹੈ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪੰਜਾਬ ਵਿੱਚ ਪਿਛਲੇ ਦਿਨੀਂ ਪਏ ਮੀਂਹਾਂ ਅਤੇ ਹੜ੍ਹਾਂ ਕਾਰਨ ਫ਼ਸਲਾਂ ਤਬਾਹ ਹੋ ਗਈਆਂ ਹਨ ਅਤੇ ਦੂਜੇ ਪਾਸੇ ਮਾਲਵਾ ਖਿੱਤੇ ਵਿੱਚ ਹੜ੍ਹਾਂ ਤੋਂ ਬਚੀਆਂ ਫ਼ਸਲਾਂ ਨੂੰ ਵੱਡੀ ਪੱਧਰ ’ਤੇ ਝੋਨੇ ਨੂੰ ਪੱਕਣ ਉਤੇ ਆਈ ਫਸਲ ਨੂੰ ਹਲਦੀ ਰੋਗ ਨੇ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਕਿਸਾਨ ਆਗੂ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਭੈਣੀਬਾਘਾ, ਠੂਠਿਆਂਵਾਲੀ, ਖਿਆਲਾ ਕਲਾਂ, ਰੱਲਾ, ਤਾਮਕੋਟ, ਬੁਰਜ ਹਰੀ, ਕੋਟੜਾ, ਮੂਸਾ, ਕੋਟਲੀ, ਦੂਲੋਵਾਲ, ਘਰਾਂਗਣਾ, ਕੋਟਧਰਮੂ, ਭੰਮੇ ਕਲਾਂ, ਅੱਕਾਂਵਾਲੀ, ਸਰਦੂਲੇਵਾਲਾ ਅਤੇ ਝੰਡੂਕੇ ਤੋਂ ਕਿਸਾਨ ਆਗੂਆਂ ਦੀਆਂ ਸੂਚਨਾਵਾਂ ਮਿਲੀਆਂ ਹਨ ਕਿ ਝੋਨੇ ਉਪਰ ਹਲਦੀ ਰੋਗ ਦਾ ਹਮਲਾ ਹੋ ਗਿਆ ਹੈ। ਖੇਤੀਬਾੜੀ ਵਿਭਾਗ ਦੀ ਮੁੱਖ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਖੇਤਾਂ ਵਿੱਚ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਤੋਂ ਵੱਧ ਨਾ ਖਾਦਾਂ ਪਾਉਣ ਅਤੇ ਨਾ ਹੀ ਸਪਰੇਆਂ ਕਰਨ। ਉਨ੍ਹਾਂ ਕਿਹਾ ਕਿ ਬੇ-ਫਾਲਤੂ ਖਾਦਾਂ ਫ਼ਸਲ ਦੇ ਪੱਕਣ ਵੇਲੇ ਕਈ ਬਿਮਾਰੀਆਂ ਸਹੇੜ ਧਰਦੀਆਂ ਹਨ, ਜਿਨ੍ਹਾਂ ਦਾ ਬਾਅਦ ਵਿੱਚ ਕੋਈ ਵੀ ਇਲਾਜ ਨਹੀਂ ਹੁੰਦਾ।
ਝੋਨਾ ਨਿਸਰਨ ਤੋਂ ਬਾਅਦ ਸਪਰੇਅ ਦੀ ਲੋੜ ਨਹੀਂ: ਰੋਮਾਣਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ ਐੱਸ ਰੋਮਾਣਾ ਨੇ ਦੱਸਿਆ ਕਿ ਜਿਹੜੇ ਖੇਤਾਂ ਵਿੱਚ ਕਿਸਾਨਾਂ ਨੇ ਸਿਫ਼ਾਰਸ਼ ਤੋਂ ਜ਼ਿਆਦਾ ਨਾਈਟ੍ਰੋਜਨ ਖਾਦਾਂ ਪਾਈਆਂ ਹਨ, ਉੱਥੇ ਇਹ ਹਮਲਾ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਲਈ ਖੇਤ ਵਿੱਚ ਕੋਈ ਵੀ ਸਪਰੇਅ ਕੰਮ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਝੋਨਾ ਨਿਸਰਨ ਤੋਂ ਬਾਅਦ ਕਿਸੇ ਵੀ ਸਪਰੇਅ ਦੀ ਲੋੜ ਨਹੀਂ ਹੁੰਦੀ ਹੈ।