ਪੱਤਰ ਪ੍ਰੇਰਕ
ਭੁੱਚੋ ਮੰਡੀ, 22 ਜੂਨ
ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਆਗੂਆਂ ਨੇ ਗੁਰੂ ਹਰਿਗੋਬਿੰਦ ਸਾਹਿਬ ਥਰਮਲ ਪਲਾਂਟ ਲਹਿਰ ਮੁਹੱਬਤ ਦੇ ਚੀਫ ਇੰਜਨੀਅਰ ਤੇਜ ਬਾਂਸਲ ਨਾਲ ਮੀਟਿੰਗ ਕੀਤੀ। ਇਸ ਵਿੱਚ ਥਰਮਲ ਦੀਆਂ ਲੋਕਲ ਸਮੱਸਿਆਵਾਂ ਅਤੇ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਬਾਰੇ ਚਰਚਾ ਕੀਤੀ ਗਈ। ਯੂਨੀਅਨ ਦੇ ਪ੍ਰਧਾਨ ਅਮਰਜੀਤ ਸਿੰਘ ਮੰਗਲੀ, ਮੀਤ ਪ੍ਰਧਾਨ ਜਗਦੀਪ ਸਿੰਘ, ਜਨਰਲ ਸਕੱਤਰ ਅੰਤਰ ਸਿੰਘ, ਪ੍ਰਚਾਰ ਸਕੱਤਰ ਪਿਆਰਾ ਸਿੰਘ ਅਤੇ ਸਲਾਹਕਾਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਸੁਆਹ ਢੋਹਣ ਵਾਲੇ ਟਰੱਕ ਥਰਮਲ ਦੇ ਮੁੱਖ ਗੇਟ ਤੋਂ ਲੰਘਦੇ ਹਨ। ਇਸ ਨਾਲ ਡਿਊਟੀ ’ਤੇ ਆਉਣ ਵਾਲੇ ਮੁਲਾਜ਼ਮਾਂ ਨੂੰ ਲੰਘਣ ਵਿੱਚ ਪ੍ਰੇਸ਼ਾਨੀ ਹੁੰਦੀ ਹੈ ਅਤੇ ਦੁਰਘਟਨਾ ਦਾ ਵੀ ਡਰ ਬਣਿਆ ਰਹਿੰਦਾ ਹੈ। ਸੁਆਹ ਵਾਲੇ ਟਰੱਕਾਂ ਲਈ ਅਲੱਗ ਗੇਟ ਬਣਾਉਣ ਦੀ ਕਾਫੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਮੁੱਖ ਗੇਟ ’ਤੇ ਵੱਧ ਸਮਰੱਥਾ ਵਾਲਾ ਵਾਟਰ ਕੂਲਰ ਅਤੇ ਆਰਓ ਲਗਾਉਣ ਦੀ ਵੀ ਮੰਗ ਕੀਤੀ। ਚੀਫ ਇੰਜਨੀਅਰ ਨੇ ਕਿਹਾ ਕਿ ਮੁੱਖ ਦਫ਼ਤਰ ਪਟਿਆਲਾ ਤੋਂ ਦੂਜੇ ਗੇਟ ਦੀ ਮਨਜ਼ੂਰੀ ਆਉਣ ਦੀ ਆਸ ਹੈ ਅਤੇ ਸਕਿਉਰਿਟੀ ਲਈ 20 ਪੈਸਕੋ ਦੇ ਕਰਮਚਾਰੀਆਂ ਦੀ ਮਨਜ਼ੂਰੀ ਮਿਲ ਗਈ ਹੈ। ਬਾਕੀ ਮੰਗਾਂ ਬਾਰੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।