ਟਰਾਈਡੈਂਟ ਗਰੁੱਪ ਨੇ ਖੇਡਾਂ ਦੀ ਦੁਨੀਆ ਵਿੱਚ ਰੱਖਿਆ ਕਦਮ
ਭਾਰਤ ਦੇ ਖੇਡ ਢਾਂਚੇ ਨੂੰ ਸਮਰਪਿਤ ਇਤਿਹਾਸਕ ਪਹਿਲ ਵਜੋਂ ਟਰਾਈਡੈਂਟ ਗਰੁੱਪ ਨੇ ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ (ਪੀਜੀਟੀਆਈ) ਵਿੱਚ ਸ਼ਾਮਲ ਹੋ ਕੇ ਟਰਾਈਡੈਂਟ ਓਪਨ ਗੋਲਫ ਚੈਂਪੀਅਨਸ਼ਿਪ ਦੀ ਸ਼ੁਰੂਆਤ ਕੀਤੀ ਹੈ, ਜੋ ਹੁਣ ਪੀਜੀਟੀਆਈ ਦੇ ਪ੍ਰਮੁੱਖ ਟੂਰਨਾਮੈਂਟਾਂ ’ਚੋਂ ਇੱਕ ਹੋਵੇਗਾ। 1 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵਾਲਾ ਇਹ ਟੂਰਨਾਮੈਂਟ 11 ਤੋਂ 14 ਨਵੰਬਰ ਤੱਕ ਚੰਡੀਗੜ੍ਹ ਗੋਲਫ ਕਲੱਬ ਵਿੱਚ ਕਰਵਾਇਆ ਜਾਵੇਗਾ। ਇਹ ਰਣਨੀਤਕ ਸਾਂਝ ਟਰਾਈਡੈਂਟ ਗਰੁੱਪ ਦੇ ਭਾਰਤ ਦੇ ਪ੍ਰੋਫੈਸ਼ਨਲ ਗੋਲਫ ਮੰਚ ਵਿੱਚ ਪਹਿਲੀ ਵਾਰੀ ਕਦਮ ਰੱਖਣ ਨੂੰ ਰੇਖਾਂਕਿਤ ਕਰਦੀ ਹੈ ਅਤੇ ਇਹ ਗਰੁੱਪ ਦੇ ਵਿਸ਼ਾਲ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ। ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਉਹ ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ (ਪੀਜੀਟੀਆਈ) ਦੇ ਸਹਿਯੋਗ ਨਾਲ ਅਤੇ ਰਾਸ਼ਟਰ ਮਾਣ ਕਪਿਲ ਦੇਵ ਦੀ ਲੀਡਰਸ਼ਿਪ ਹੇਠ ਪਹਿਲਾ ‘ਟਰਾਈਡੈਂਟ ਓਪਨ ਗੋਲਫ ਚੈਂਪੀਅਨਸ਼ਿਪ’ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲ ਟਰਾਈਡੈਂਟ ਦੇ ਖੇਡਾਂ ਦੇ ਪ੍ਰਚਾਰ ਅਤੇ ਹਰ ਖੇਤਰ ਵਿੱਚ ਭੂਮਿਕਾ ਲਈ ਦ੍ਰਿੜ੍ਹ ਵਚਨਬੱਧਤਾ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਇਹ ਮਾਣ ਹੈ ਕਿ ਉਹ ਇਸ ਟੂਰਨਾਮੈਂਟ ਨੂੰ ਚੰਡੀਗੜ੍ਹ ਗੋਲਫ ਕਲੱਬ ਵਿੱਚ ਕਰਵਾ ਰਹੇ ਹਨ, ਜਿਸ ਨੂੰ ‘ਇੰਡੀਅਨ ਗੋਲਫ ਦੀ ਨਰਸਰੀ’ ਵੀ ਆਖਿਆ ਜਾਂਦਾ ਹੈ ਅਤੇ ਜੋ ਦੇਸ਼ ਲਈ ਚੈਂਪੀਅਨ ਪੈਦਾ ਕਰਨ ਦੇ ਇਤਿਹਾਸ ਲਈ ਮਸ਼ਹੂਰ ਹੈ।ਇਹ ਟੂਰਨਾਮੈਂਟ ਪੀਜੀਟੀਆਈ ਦੇ 2025 ਦੇ ਦੂਜੇ ਅਰਧ ਵਿੱਚ ਹੋਣ ਵਾਲੀਆਂ 15 ਮੁਕਾਬਲਿਆਂ ਦੀ ਲੜੀ ਦਾ ਹਿੱਸਾ ਹੋਵੇਗਾ, ਜਿਸ ਦੀ ਕੁੱਲ ਇਨਾਮ ਰਾਸ਼ੀ 17 ਕਰੋੜ ਰੁਪਏ ਹੈ।